ਸਾਬਕਾ IAS ਸੁਖਬੀਰ ਸੰਧੂ ਅਤੇ ਗਿਆਨੇਸ਼ ਕੁਮਾਰ ਦੇ ਨਾਵਾਂ ਨੂੰ ਨਵੇਂ ਚੋਣ ਕਮਿਸ਼ਨਰਾਂ ਵਜੋਂ ਪ੍ਰਵਾਨਗੀ
ਚੰਡੀਗੜ੍ਹ,14ਮਾਰਚ(ਵਿਸ਼ਵ ਵਾਰਤਾ)- ਚੋਣ ਕਮਿਸ਼ਨ ਵੱਲੋਂ 2 ਨਵੇਂ ਚੋਣ ਕਮਿਸ਼ਨਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੇ ਪੈਨਲ ਦੀ ਬੈਠਕ ਅੱਜ ਵੀਰਵਾਰ 14 ਮਾਰਚ ਨੂੰ ਹੋਈ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਾਬਕਾ ਆਈਏਐਸ ਅਧਿਕਾਰੀਆਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੁਖਬੀਰ ਸੰਧੂ ਉੱਤਰਾਖੰਡ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਵਜੋਂ ਸੇਵਾਮੁਕਤ ਹੋਏ। ਉਹਨਾਂ ਨੇ ਕੇਂਦਰ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਰਕਾਰਾਂ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ। ਉਹ 2007 ਤੋਂ 2012 ਤੱਕ ਬਾਦਲ ਸਰਕਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਹੇ। ਗਿਆਨੇਸ਼ ਕੁਮਾਰ ਕੇਰਲ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਗ੍ਰਹਿ ਮੰਤਰਾਲੇ ਵਿੱਚ ਕੰਮ ਕਰ ਚੁੱਕੇ ਹਨ। ਧਾਰਾ 370 ‘ਤੇ ਫੈਸਲੇ ਦੇ ਸਮੇਂ ਗ੍ਰਹਿ ਮੰਤਰਾਲੇ ‘ਚ ਤਾਇਨਾਤ ਸਨ। ਸਹਿਕਾਰਤਾ ਮੰਤਰਾਲੇ ਵਿੱਚ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ।
ਹਾਲਾਂਕਿ ਅਜੇ ਤੱਕ ਚੋਣ ਕਮਿਸ਼ਨਰ ਦੀਆਂ ਨਿਯੁਕਤੀਆਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਜਾਵੇਗੀ।