ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ
ਤੇਜਿੰਦਰਪਾਲ ਸੰਧੂ ਦੇ ਘਰ ਪਹੁੰਚ ਕੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ
ਪਰਮਿੰਦਰ ਢੀਂਡਸਾ ਮੇਰੇ ਵੱਡੇ ਭਰਾ ਜਿਹਨਾਂ ਦੇ ਆਉਣ ਨਾਲ ਮੇਰੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ: ਐਨ ਕੇ ਸ਼ਰਮਾ
ਢੀਂਡਸਾ ਪਰਿਵਾਰ ਅਕਾਲੀ ਦਲ ਦਾ ਮਾਣ: ਸੁਰਜੀਤ ਸਿੰਘ ਰੱਖੜਾ
ਪਟਿਆਲਾ, 15 ਮਈ (ਵਿਸ਼ਵ ਵਾਰਤਾ): ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਆਗੂ ਪਰਮਿੰਦਰ ਢੀਂਡਸਾ ਨੇ ਅੱਜ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ।
ਉਹਨਾਂ ਨੇ ਅੱਜ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਹੁੰਚ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਉਹਨਾਂ ਨੂੰ ਐਨ ਕੇ ਸ਼ਰਮਾ ਦੇ ਹੱਕ ਵਿਚ ਡੱਟ ਕੇ ਪ੍ਰਚਾਰ ਕਰਨ ਵਾਸਤੇ ਆਖਿਆ।
ਇਸ ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਉਹਨਾਂ ਦੇ ਵੱਡੇ ਭਰਾ ਹਨ ਜਿਹਨਾਂ ਨਾਲ ਮਿਲ ਕੇ ਉਹਨਾਂ ਨੇ ਵਿਧਾਨ ਸਭਾ ਵਿਚ ਇਕੱਠਿਆਂ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪਰਮਿੰਦਰ ਢੀਂਡਸਾ ਨੇ ਅੱਜ ਉਹਨਾਂ ਦੀ ਚੋਣ ਮੁਹਿੰਮ ਭਖਾਉਂਦਿਆਂ ਉਹਨਾਂ ਦੀ ਤਨ, ਮਨ, ਧਨ ਨਾਲ ਮਦਦ ਕੀਤੀ ਜਿਸ ਲਈ ਉਹ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ। ਉਹਨਾਂ ਦੱਸਿਆ ਕਿ ਪਰਮਿੰਦਰ ਢੀਂਡਸਾ ਨੇ ਨਾਭਾ ਹਲਕੇ ਵਿਚ ਸਰਦਾਰ ਰਣਧੀਰ ਸਿੰਘ ਰੱਖੜਾ ਦੀ ਡਿਊਟੀ ਲਗਾਈ ਹੈ ਤੇ ਇਸੇ ਤਰੀਕੇ ਸਨੌਰ ਹਲਕੇ ਵਿਚ ਤੇ ਹੋਰ ਹਲਕਿਆਂ ਵਿਚ ਪਾਰਟੀ ਆਗੂਆਂ ਦੀ ਡਿਊਟੀ ਲਗਾਈ ਹੈ ਜਿਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ।
ਇਸ ਮੌਕੇ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਢੀਂਡਸਾ ਪਰਿਵਾਰ ’ਤੇ ਅਕਾਲੀ ਦਲ ਨੂੰ ਪੂਰਾ ਮਾਣ ਹੈ। ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਦੀ ਅਕਾਲੀ ਦਲ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਪੂਰੀ ਤਰ੍ਹਾਂ ਪਟਿਆਲਾ ਵਿਚ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਦਾ ਹਿੱਸਾ ਹੈ ਤੇ ਇਸੇ ਲਈ ਉਹਨਾਂ ਨੇ ਵਰਕਰਾਂ ਦੀ ਡਿਊਟੀ ਲਗਾਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਪੂਰੀ ਟੀਮ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਦਾ ਹਿੱਸਾ ਬਣੀ ਹੋਈ ਹੈ ਤੇ ਪੂਰੀ ਤਨਦੇਹੀ ਨਾਲ ਪਾਰਟੀ ਦੀ ਜਿੱਤ ਵਾਸਤੇ ਕੰਮ ਕਰ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।