ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਨੇ ਪਾਈ ਹਾਈ ਕੋਰਟ ‘ਚ ਪਟੀਸ਼ਨ
ਸੁਣਵਾਈ ਕਦੋਂ ,ਪੜ੍ਹ ਲਓ ਪੂਰੀ ਖਬਰ
ਚੰਡੀਗੜ੍ਹ,4 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਹੈ। ਸੁਮੇਧ ਸੈਣੀ ਨੂੰ ਉਸ ਖਿਲਾਫ ਨੌਕਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਦਰਜ ਕੀਤੀ ਗਈ ਐਫਆਈਆਰ ਨੰਬਰ 13 ਵਿੱਚ ਅਦਾਲਤ ਵੱਲੋਂ ਸ਼ਰਤਾਂ ਸਹਿਤ ਜ਼ਮਾਨਤ ਮਿਲੀ ਹੋਈ ਹੈ। ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੁਮੇਧ ਸੈਣੀ ਨੇ ਨੋਟਿਸ ਦਿੱਤੇ ਜਾਣ ਦੇ ਹਫਤੇ ਦੇ ਅੰਦਰ ਜਾਂਚ ਵਿੱਚ ਸ਼ਾਮਿਲ ਹੋਣਾ ਸੀ। ਪਰ ਉਹ ਪੂਰਾ ਹਫਤਾ ਜਾਂਚ ਅਧਿਕਾਰੀ ਅੱਗੇ ਪੇਸ਼ ਨਹੀਂ ਹੋਏ,ਪਰ ਉਹ ਹਫਤੇ ਦੇ ਅਖੀਰਲੇ ਦਿਨ ਰਾਤ ਦੇ ਸਵਾ ਅੱਠ ਵਜੇ ਪੰਜਾਬ ਵਿਜੀਲੈਂਸ ਬਿਓਰੋ ਦੇ ਸੈਕਟਰ 68 ਹੈੱਡ ਆਫਿਸ ਵਿਖੇ ਜਾ ਕੇ ਆਪਣੀ ਹਾਜ਼ਰੀ ਲਵਾ ਆਏ। ਜਦ ਕਿ ਉਹਨਾਂ ਨੂੂੰ ਜਾਂਚ ਅਧਿਕਾਰੀ ਅੱਗੇ ਪੇਸ਼ ਹੋਣਾ ਚਾਹੀਦਾ ਸੀ। ਉਸਤੋਂ ਬਾਅਦ ਜਾਂਚ ਅਧਿਕਾਰੀ ਨੇ ਫੇਰ ਉਹਨਾਂ ਨੂੰ 1 ਸਤੰਬਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਗਿਆ,ਪਰ ਉਹਨਾਂ ਵੱਲੋਂ ਨੋਟਿਸ ਨਾ ਲੈਣ ਦੀ ਸੂਰਤ ਵਿੱਚ ਉਹਨਾਂ ਦੀ ਰਿਹਾਇਸ਼ ਦੀ ਬਾਹਰਲੀ ਕੰਧ ਤੇ ਨੋਟਿਸ ਚਿਪਕਾ ਦਿੱਤਾ ਗਿਆ। ਪਰ, ਸੁਮੇਧ ਸਿੰਘ ਸੈਣੀ 1 ਸਤੰਬਰ ਨੂੰ ਵੀ ,ਆਪਣੇ ਵਕੀਲ ਰਾਹੀਂ ਇਹ ਕਹਿ ਕੇ ਮੇਰੀ ਸਿਹਤ ਠੀਕ ਨਹੀਂ ਹੈ, ਜਾਂਚ ਅਧਿਕਾਰੀ ਅੱਗੇ ਹਾਜ਼ਰ ਨਹੀਂ ਹੋਏ,ਜਦੋਂਕਿ ਉਹਨਾਂ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ 4 ਹੋਰ ਅਰਜੀਆਂ ਹਾਈਕੋਰਟ ਵਿੱਚ ਦਾਖਲ ਕੀਤੀਆਂ ਹਨ। ਵਿਜੀਲੈਂਸ ਬਿਓਰੇ ਨੇ ਉਕਤ ਸਾਰਾ ਹਵਾਲਾ ਦੇ ਕੇ ਸੁਮੇਧ ਸੈਣੀ ਨੂੰ ਮਿਲੀ ਹੋਈ ਅਗਾਊਂ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਹੈ।ਇਸ ਕੇਸ ਦੀ ਸੁਣਵਾਈ ਜਸਟਿਸ ਅਵਨੀਸ਼ ਝੀਂਗਨ ਦੀ ਅਦਾਲਤ ਵਿੱਚ 6 ਸਤੰਬਰ,ਸੋਮਵਾਰ ਨੂੰ ਹੋਵੇਗੀ। ਪੰਜਾਬ ਸਰਕਾਰ ਵੱਲੋਂ ਇਹ ਪਟੀਸ਼ਨ ਸਪੈਸ਼ਲ ਪਬਲਿਕ ਪਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਵੱਲੋਂ ਪਾਈ ਗਈ ਹੈ।
।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਜਦੋਂ 18 ਅਗਸਤ ਨੂੰ ਵਿਜੀਲੈਂਸ ਬਿਓਰੋ ਦੇ ਦਫਤਰ ਵਿੱਚ ਰਾਤ ਨੂੰ ਹਾਜ਼ਰੀ ਲਵਾ ਕੇ ਜਦੋਂ ਜਾ ਰਹੇ ਸਨ ਤਾਂ ਵਿਜੀਲੈਂਸ ਬਿਓਰੇ ਨੇ ਉਹਨਾਂ ਨੂੰ ਇੱਕ ਹੋਰ ਐਫਆਈਆਰ ਨੰਬਰ 11 ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ, ਪਰ ਅਗਲੇ ਦਿਨ ਉਹਨਾਂ ਨੂੰ ਅਦਾਲਤ ਨੇ ਜ਼ਮਾਨਤ ਤੇ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।