ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਿੱਚ ਹੋਇਆ ਹੋਰ ਵਾਧਾ
ਹੁਣ ਵਿਜੀਲੈਂਸ ਨੇ ਲਾਇਆ ਅਦਾਲਤ ਵਿੱਚ ਝੂਠੀ ਬਿਆਨਬਾਜ਼ੀ ਕਰਨ ਦਾ ਦੋਸ਼
ਅਦਾਲਤ ਨੇ ਦਿੱਤਾ ਸੈਣੀ ਤੇ ਹੋਰਨਾਂ ਨੂੰ 14 ਸਤੰਬਰ ਦਾ ਨੋਟਿਸ
ਪੜ੍ਹ ਲਓ ਕੇਸ ਦੀ ਪੂਰੀ ਜਾਣਕਾਰੀ
ਚੰਡੀਗੜ੍ਹ,6 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਵਿੱਚ ਇੱਕ ਵਾਰ ਫੇਰ ਤੋਂ ਵਾਧਾ ਹੁੰਦਾ ਹੁੰਦਾ ਹੀ ਜਾ ਰਿਹਾ ਹੈ। ਹੁਣ ਸੀਜੇਐਮ ਮੋਹਾਲੀ ਦੀ ਅਦਾਲਤ ਨੇ ਸੁਮੇਧ ਸੈਣੀ ਅਤੇ ਉਹਨਾਂ ਦੇ ਵਕੀਲਾਂ ਰਮਨਦੀਪ ਸੰਧੂ ਅਤੇ ਗੁਨਿੰਦਰ ਸਿੰਘ ਬਰਾੜ ਸਮੇਤ ਹੋਰਨਾਂ ਨੂੰ ਅਦਾਲਤ ਵਿੱਚ ਗਲਤ ਬਿਆਨਬਾਜ਼ੀ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਹੈ।
ਵਿਜੀਲੈਂਸ ਬਿਓਰੋ ਦੇ ਡੀਐਸਪੀ ਹਰਵਿੰਦਰ ਪਾਲ ਸਿੰਘ ਰਾਹੀਂ ਇਸ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੁਮੇਧ ਸਿੰਘ ਸੈਣੀ ਤੇ ਉਹਨਾਂ ਦੇ ਵਕੀਲਾਂ ਨੇ ਝੂਠੇ ਬਿਆਨ ਦੇ ਕੇ ਅਦਾਲਤ ਦੀ ਕਾਰਵਾਈ ਵਿੱਚ ਦੇਰੀ ਕਰਵਾਈ। ਹੁਣ ਇਸ ਕੇਸ ਦੀ ਸੁਣਵਾਈ 14 ਸਤੰਬਰ ਨੂੰ ਹੋਵੇਗੀ।
ਜਿਕਰਯੋਗ ਹੈ ਕਿ 18 ਅਗਸਤ 2021 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਨੂੰ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਦਰਜ ਮੁਕੱਦਮਾ ਨੰ: 11, ਮਿਤੀ 17-9-2020, ਅ/ਧ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13(2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਧੀਨ ਗਿ੍ਰਫਤਾਰ ਕਰ ਲਿਆ ਸੀ। ਜਿਸ ਤੋਂ ਅਗਲੇ ਦਿਨ ਸੈਣੀ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪਰ,ਸੈਣੀ ਅਤੇ ਉਸਦੇ ਵਕੀਲਾਂ ਨੇ ਮੋਹਾਲੀ ਅਦਾਲਤ ਵਿੱਚ ਇਹ ਬਿਆਨ ਦਿੱਤਾ ਸੀ ਕਿ ਹਾਈ ਕੋਰਟ ਨੇ ਸੈਣੀ ਦੇ ਰਿਮਾਂਡ ਤੇ ਸਟੇਅ ਲਗਾ ਦਿੱਤੀ ਹੈ।