ਸਾਬਕਾ ਡੀਜੀਪੀ ਦੇ ਭਾਜਪਾ ‘ਚ ਸ਼ਾਮਲ ਹੋਣ ਦੇ ਚਰਚੇ
ਚੰਡੀਗੜ੍ਹ, 12ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਆਗਾਮੀ ਲੋਕ ਸਭਾ ਚੋਣਾਂ ਵਿਚ ਸਿਆਸਤ ਵਿੱਚ ਕਦਮ ਰੱਖ ਸਕਦੇ ਹਨ। ਸਾਬਕਾ ਡੀਜੀਪੀ ਸਹੋਤਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਹੁਸ਼ਿਆਰਪੁਰ ਸੀਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਜ਼ੋਰਾਂ ਤੇ ਹਨ। ਹਾਲਾਂਕਿ ਪਾਰਟੀ ਆਗੂ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ। ਦੱਸ ਦਈਏ ਕਿ ਸਹੋਤਾ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਦੀ ਸੇਵਾਮੁਕਤੀ ਸਤੰਬਰ 2022 ਵਿੱਚ ਹੋਈ ਸੀ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਨੇੜਲੇ ਪਿੰਡ ਦੇ ਵਸਨੀਕ ਹਨ। ਉਹ ਧਾਰਮਿਕ ਸਿੱਖ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਤਿੰਨ ਮਹੀਨਿਆਂ ਲਈ ਮੁੱਖ ਮੰਤਰੀ ਬਣਾਇਆ ਸੀ। ਉਸ ਸਮੇਂ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਗਿਆ ਸੀ। ਸਹੋਤਾ ਨੇ ਅਪਣੇ 34 ਸਾਲਾਂ ਦੇ ਲੰਬੇ ਪੁਲਿਸ ਸੇਵਾਕਾਲ ਦੌਰਾਨ ਏਸੀਪੀ ਤੋਂ ਲੈ ਕੇ ਡੀਜੀਪੀ ਤਕ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ। ਰਾਜਨੀਤੀ ਸ਼ਾਸਤਰ ਵਿਚ ਮਾਸਟਰ ਹੋਲਡਰ ਸਹੋਤਾ ਨੇ ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਦਿਹਾਤੀ ਅਤੇ ਬਰਨਾਲਾ ਵਿਖੇ ਸੀਨੀਅਰ ਪੁਲਿਸ ਕਪਤਾਨ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਪਟਿਆਲਾ, ਫਿਰੋਜ਼ਪੁਰ ਅਤੇ ਬਾਰਡਰ ਰੇਂਜ ਵਿਖੇ ਡੀਆਈਜੀ ਦੀਆਂ ਅਹਿਮ ਜ਼ਿੰਮੇਵਾਰੀਆਂ ਵੀ ਨਿਭਾਈਆਂ।