ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਦੀ ਹੱਤਿਆ
ਘਰ ਦਾ ਧੋਬੀ ਹੀ ਨਿਕਲਿਆ ਕਾਤਲ
ਲੁੱਟ ਕਰਨ ਲਈ ਦਿੱਤਾ ਵਾਰਦਾਤ ਨੂੰ ਅੰਜ਼ਾਮ
ਨਵੀਂ ਦਿੱਲੀ, 7 ਜੁਲਾਈ(ਵਿਸ਼ਵ ਵਾਰਤਾ):ਬੀਤੀ ਰਾਤ ਦਿੱਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਪੀਆਰ ਕੁਮਾਰ ਮੰਗਲਮ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪੀਆਰ ਕੁਮਾਰ ਮੰਗਲਮ ਪਹਿਲਾਂ ਕਾਂਗਰਸ ਵਿੱਚ ਸਨ ਅਤੇ ਪੀਵੀ ਨਰਸਿੰਮਾ ਰਾਓ ਸਰਕਾਰ ਵਿੱਚ ਉਹ ਮੰਤਰੀ ਰਹੇ। ਇਸ ਤੋਂ ਬਾਅਦ ਉਹ ਭਾਜਪਾ ਵਿੱਚ ਆ ਗਏ ਅਤੇ ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਸਨ। 67 ਸਾਲਾ ਕਿਟੀ ਮੰਗਲਮ ਦਾ ਦਿੱਲੀ ਦੇ ਬਸੰਤ ਵਿਹਾਰ ਇਲਾਕੇ ਵਿੱਚ ਉਨ੍ਹਾਂ ਦੇ ਘਰ ਵਿੱਚ ਰਾਤ ਕਰੀਬ 9 ਵਜੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਵਾਲਾ ਘਰ ਦਾ ਧੋਬੀ ਅਤੇ ਉਸਦੇ ਦੋ ਹੋਰ ਸਾਥੀ ਹਨ। ਪੁਲਿਸ ਨੇ ਆਰੋਪੀ ਧੋਬੀ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਸਾਥੀ ਅਜੇ ਫਰਾਰ ਹਨ। ਦੋਸ਼ੀਆਂ ਵੱਲੋਂ ਲੁੱਟ ਕਰਨ ਦੇ ਲਈ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਧੋਬੀ ਨੂੰ ਘਰ ਦੀ ਨੌਕਰਾਨੀ ਨੇ ਦੇਖਕੇ ਪਹਿਚਾਣ ਲਿਆ ਸੀ। ਇਸ ਤੋਂ ਬਾਅਦ ਦੋਸ਼ੀ ਨੇ ਨੌਕਰਾਣੀ ਨੂੰ ਬੰਧਕ ਬਣਾਕੇ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਇਸ ਤੋਂ ਬਾਅਦ ਲੁੱਟ ਕਰਨ ਪਿੱਛੋਂ ਕਿਟੀ ਕੁਮਾਰ ਮੰਗਲਮ ਦਾ ਕਤਲ ਕਰ ਦਿੱਤਾ।ਉਕਤ ਦੋਸ਼ੀਆਂ ਨੇ ਜਦੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਉਸ ਸਮੇਂ ਘਰ ਵਿੱਚ ਕਿਟੀ ਮੰਗਲਮ ਅਤੇ ਨੌਕਰਾਣੀ ਹੀ ਮੌਜ਼ੂਦ ਸਨ।