ਜੰਗਲਾਤ ਵਿਭਾਗ ਭ੍ਰਿਸ਼ਟਾਚਾਰ ਮਾਮਲਾ
ਸਾਬਕਾ ਕਾਂਗਰਸੀ ਮੰਤਰੀਆਂ ਧਰਮਸੋਤ ਅਤੇ ਗਿਲਜੀਆਂ ਦੀਆਂ ਮੁਸ਼ਕਿਲਾਂ ਵਿੱਚ ਹੋ ਸਕਦਾ ਹੈ ਵਾਧਾ; ਈਡੀ ਦੀ ਐਂਟਰੀ
ਚੰਡੀਗੜ੍ਹ,26 ਅਗਸਤ(ਵਿਸ਼ਵ ਵਾਰਤਾ)-ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ਦੀ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਹੁਣ ਇਸ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.)ਦੀ ਵੀ ਐਂਟਰੀ ਹੋਈ ਹੈ। ਈਡੀ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਮੰਗੀ ਹੈ। ਉਹ ਇਸ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰੇਗਾ। ਜਿਸ ਤੋਂ ਬਾਅਦ ਦੋਵਾਂ ਸਾਬਕਾ ਮੰਤਰੀਆਂ ਧਰਮਸੋਤ ਅਤੇ ਗਿਲਜੀਆਂ ਦੀਆਂ ਮੁਸ਼ਕਲਾਂ ਵਧਣੀਆਂ ਯਕੀਨੀ ਹਨ।
ਜਿਕਰਯੋਗ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਜੰਗਲਾਤ ਮੰਤਰੀ ਸਨ। ਨਵੀਂ ਸਰਕਾਰ ਆਉਣ ਤੋਂ ਬਾਅਦ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ। ਉਦੋਂ ਤੋਂ ਹੀ ਧਰਮਸੋਤ ਨਾਭਾ ਜੇਲ੍ਹ ਵਿੱਚ ਬੰਦ ਹਨ। ਕੈਪਟਨ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਧਰਮਸੋਤ ਦੀ ਥਾਂ ਸੰਗਤ ਸਿੰਘ ਗਿਲਜੀਆਂ ਜੰਗਲਾਤ ਮੰਤਰੀ ਬਣੇ। ਵਿਜੀਲੈਂਸ ਬਿਊਰੋ ਦਾ ਦੋਸ਼ ਹੈ ਕਿ ਗਿਲਜੀਆਂ ਦੇ ਸਮੇਂ ਵੀ ਭ੍ਰਿਸ਼ਟਾਚਾਰ ਹੋਇਆ ਸੀ। ਜਿਸ ਵਿੱਚ ਉਨ੍ਹਾਂ ਦਾ ਭਤੀਜਾ ਦਲਜੀਤ ਗਿਲਜੀਆਂ ਵੀ ਸ਼ਾਮਲ ਹੈ। ਸੰਗਤ ਸਿੰਘ ਗਿਲਜੀਆਂ ਫਿਲਹਾਲ ਜ਼ਮਾਨਤ ਤੇ ਬਾਹਰ ਹਨ ਜਦਕਿ ਉਹਨਾਂ ਦਾ ਭਤੀਜਾ ਦਲਜੀਤ ਸਿੰਘ ਗਿਲਜੀਆਂ ਜੇਲ੍ਹ ਵਿੱਚ ਹੈ।