ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ
ਚੰਡੀਗੜ੍ਹ 26 ਨਵੰਬਰ(ਵਿਸ਼ਵ ਵਾਰਤਾ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜੱਥੇਦਾਰ ਸਾਹਿਬਾਨਾਂ ਦੀ ਇਕੱਤਰਤਾ ਹੋਈ। ਇਸ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ। ਇਸ ਸੰਬੰਧ ਵਿੱਚ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੇ ਪੰਥ ਵਿੱਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖ਼ਾਹ ਲਾਈ ਹੈ। ਸਿੰਘ ਸਾਹਿਬਾਨ ਨੇ ਸੁੱਚਾ ਸਿੰਘ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। ਇਸ ਦੌਰਾਨ ਉਹ ਹਰ ਰੋਜ਼ 1 ਘੰਟਾ ਕੀਰਤਨ ਪਰਿਕਰਮਾ ‘ਚ ਕੀਰਤਨ ਸਰਵਨ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ ਕਰਨ ਆਦਿ ਦੀ ਸੇਵਾ ਕਰਨਗੇ। ਇਸ ਦੇ ਨਾਲ ਹੀ ਉਹ ਪੰਜ ਸਾਲਾਂ ਲਈ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ।