ਸਾਧੂ ਸਿੰਘ ਧਰਮਸੋਤ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ ‘ਸੰਘਰਸ਼ ਦੇ 45 ਸਾਲ’ ਲੋਕ ਅਰਪਣ
ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੋਵੇਗਾ ਬਾਵਾ ਦਾ ਸੰਘਰਸ਼ਮਈ ਜੀਵਨ: ਧਰਮਸੋਤ
ਬਾਵਾ ਦੀ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਜੀਵਨ ‘ਤੇ ਵੀ ਝਾਤੀ ਪਾਉਂਦੀ ਹੈ ਪੁਸਤਕ
ਚੰਡੀਗੜ੍ਹ, 9 ਅਪ੍ਰੈਲ(ਵਿਸ਼ਵ ਵਾਰਤਾ):ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ ਤੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੱਲੋਂ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ ‘ਸੰਘਰਸ਼ ਦੇ 45 ਸਾਲ’ ਦਾ ਲੋਕ ਅਰਪਣ ਕੀਤਾ ਗਿਆ।
ਅੱਜ ਇਥੇ ਪੰਜਾਬ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਪੁਸਤਕ ਦਾ ਲੋਕ ਅਰਪਣ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੀ ਸ੍ਰੀ ਬਾਵਾ ਨਾਲ 35 ਵਰ੍ਹਿਆਂ ਦੀ ਸਾਂਝ ਹੈ ਜਦੋਂ ਉਹ ਯੂਥ ਕਾਂਗਰਸ ਦੇ ਦਿਨਾਂ ਤੋਂ ਇਕੱਠੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਕਾਲੇ ਦਿਨਾਂ ਖਿਲਾਫ ਲੜਾਈ ਲੜਨ ਤੋਂ ਲੈ ਕੇ ਕੁੜੀਆਂ ਦੀ ਲੋਹੜੀ ਮਨਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਅਮੀਰ ਵਿਰਸੇ ਤੋਂ ਸਮਾਜ ਨੂੰ ਜਾਣੂੰ ਕਰਵਾਉਣ ਦਾ ਸ੍ਰੀ ਬਾਬਾ ਵੱਲੋਂ ਚੁੱਕਿਆ ਬੀੜਾ ਖੁੱਲ੍ਹੀ ਕਿਤਾਬ ਵਾਂਗ ਹੈ। ਉਨ੍ਹਾਂ ਕਿਹਾ ਕਿ ਇਹ ਪਾਠਕਾਂ ਲਈ ਨਿਵੇਕਲਾ ਤੋਹਫਾ ਹੈ ਜਿੱਥੇ ਉਨ੍ਹਾਂ ਨੂੰ ਸ੍ਰੀ ਬਾਵਾ ਦੇ ਜੀਵਨ ਦਾ ਹਰ ਪਹਿਲੂ ਉਨ੍ਹਾਂ ਦੀ ਹੀ ਲਿਖਤ ਰਾਹੀਂ ਪੜ੍ਹਨ ਲਈ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨੌਜਵਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਹੋਵੇਗਾ ਜਿਸ ਰਾਹੀਂ ਉਨ੍ਹਾਂ ਨੂੰ ਸੰਘਰਸ਼ਮਈ ਜੀਵਨ ਦਾ ਪਤਾ ਲੱਗੇਗਾ।ਉਹਨਾ ਕਿਹਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਰੀਰ ਤੇ ਗੋਲ਼ੀਆਂ ਖਾਣ ਵਾਲੇ ਬਾਵਾ ਜੀ ਜ਼ਿੰਦਾ ਸ਼ਹੀਦ ਹਨ ।
ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਉਨ੍ਹਾਂ ਇਹ ਪੁਸਤਕ ਲਿਖਦਿਆਂ ਕੋਈ ਵੀ ਪਹਿਲੂ ਲੁਕਾਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਉਨ੍ਹਾਂ ਕੁੜੀਆਂ ਦੀ ਲੋਹੜੀ ਮਨਾਉਣੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਬੜੀ ਹੈਰਾਨੀ ਪ੍ਰਗਟਾਈ ਸੀ ਅਤੇ ਅੱਜ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਕੁੜੀਆਂ ਦੀ ਲੋਹੜੀ ਮਨਾਉਂਦਾ ਹੈ ਤਾਂ ਉਸ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ। ਉਨ੍ਹਾਂ ਨੂੰ ਇਸ ਗੱਲ ਉਤੇ ਮਾਣ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਜ਼ਰੀਏ ਮਹਾਨ ਸਿੱਖ ਯੋਧੇ ਦੀ ਜੀਵਨ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦਾ ਸਬੱਬ ਮਿਲਿਆ ਅਤੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਦਿਨ ਪਹਿਲੀ ਵਾਰ ਮਨਾਇਆ।
ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਲੇਖਕ ਜੋ ਸਿਆਸਤਦਾਨ ਵੀ ਹੈ ਤੇ ਸਮਾਜ ਸੇਵੀ ਵੀ, ਨੇ ਖੁੱਲ੍ਹੇ ਦਿਲ ਨਾਲ ਆਪਣੀ ਜ਼ਿੰਦਗੀਆਂ ਦੀਆਂ ਘਟਨਾਵਾਂ ਲਿਖੀਆਂ ਹਨ। ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਸ੍ਰੀ ਬਾਵਾ ਵੱਲੋਂ ਅਮੀਰ ਵਿਰਸੇ ਦੀਆਂ ਬਾਤਾਂ ਵੀ ਪਾਈਆਂ ਗਈਆਂ ਹਨ।
ਹਰਿੰਦਰ ਸਿੰਘ ਹੰਸ ਨੇ ਕਿਹਾ ਕਿ ਇਹ ਪੁਸਤਕ ਨਾ ਸਿਰਫ ਇਕ ਸਖਸ਼ੀਅਤ ਦੀ ਜੀਵਨੀ ਹੈ ਸਗੋਂ ਪੰਜਾਬ ਦੇ ਪੰਜ ਦਹਾਕਿਆਂ ਦਾ ਇਤਿਹਾਸ ਵੀ ਸਾਂਭੀ ਬੈਠੀ ਹੈ। ਬਾਵਾ ਰਵਿੰਦਰ ਨੰਦੀ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਨਰਮ ਸੁਭਾਅ ਦੇ ਧਰਤੀ ਨਾਲ ਜੁੜੇ ਹੋਏ ਇਨਸਾਨ ਹਨ । ਉਮਰਾਓ ਸਿੰਘ ਛੀਨਾ ਨੇ ਕਿਹਾ ਕਿ ਇਹ ਕ੍ਰਿਸ਼ਨ ਕੁਮਾਰ ਬਾਵਾ ਨੇ ਲਿਖਤੀ ਰੂਪ ਵਿੱਚ ਇਤਿਹਾਸ ਸਾਂਭ ਕੇ ਵੱਡਾ ਉਪਰਾਲਾ ਕੀਤਾ ਹੈ ।
ਪੁਸਤਕ ਦੀ ਜਾਣ ਪਹਿਚਾਣ ਕਰਵਾਉਦਿਆਂ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਜਿਵੇਂ ਬੇਬਾਕੀ ਨਾਲ ਲਿਖਿਆ ਹੈ, ਉਹ ਕਾਬਲੇ ਤਰੀਫ ਹੈ।
ਇਸ ਮੌਕੇ ਰਵਿੰਦਰ ਸਿੰਘ ਰੰਗੂਵਾਲ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਜੀਵਨ ‘ਤੇ ਵੀ ਝਾਤੀ ਪਾਉਂਦੀ ਹੈ। ਰਿਸ ਸਮਾਗਮ ਵਿੱਚ ਹਰਿੰਦਰ ਸਿੰਘ ਹੰਸ, ਪਰਮਿੰਦਰ ਜੀਤ ਸਿੰਘ ਚੀਮਾ , ਅਰਜਨ ਬਾਵਾ , ਮਨੋਜ ਸੁਆਮੀ , ਸੰਜੀਵ ਭਾਵਰੀ , ਸੁਰਿੰਦਰ ਬੈਰਾਗੀ , ਵਿਕਰਮ ਸਿੰਘ , ਅਨਿਲ ਵਰਮਾ , ਬੂਟਾ ਸਿੰਘ ਬੈਰਾਗੀ ਤੇ ਪਵਨ ਗਰਗ ਸਮੇਤ ਬਾਵਾ ਦੇ ਦੋਸਤ ਮਿੱਤਰ ਸ਼ਾਮਲ ਸਨ ।
ਅੰਤ ਵਿੱਚ ਕ੍ਰਿਸ਼ਨ ਕੁਮਾਰ ਬਾਵਾ ਨੇ ਸਭਨਾਂ ਦਾ ਧੰਨਵਾਦ ਕੀਤਾ ।