ਸ਼੍ਰੀਨਗਰ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਗੋਲੀਬਾਰੀ – 10 ਦੀ ਮੌਤ,ਕਈ ਜਖ਼ਮੀ
ਚੰਡੀਗੜ੍ਹ,9ਜੂਨ(ਵਿਸ਼ਵ ਵਾਰਤਾ)-ਜੰਮੂ-ਕਸ਼ਮੀਰ ਦੇ ਰਿਆਸੀ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ।ਇਹ ਹਮਲਾ ਰਿਆਸੀ ਜ਼ਿਲ੍ਹੇ ਦੇ ਕਾਂਡਾ ਇਲਾਕੇ ਵਿੱਚ ਹੋਇਆ। ਅੱਤਵਾਦੀਆਂ ਨੇ ਬੱਸ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਡਰਾਈਵਰ ਜ਼ਖਮੀ ਹੋ ਗਿਆ ਅਤੇ ਉਹ ਬੱਸ ‘ਤੇ ਕੰਟਰੋਲ ਗੁਆ ਬੈਠਾ। ਇਸ ਕਾਰਨ ਬੱਸ ਖੱਡ ਵਿੱਚ ਜਾ ਡਿੱਗੀ। 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਝ ਲੋਕ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਬੱਸ ਵਿੱਚ ਸਵਾਰ ਹੋਰ ਯਾਤਰੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਸ਼ਰਧਾਲੂਆਂ ਨੂੰ ਲੈ ਕੇ ਕਟੜਾ ਤੋਂ ਸ਼ਿਵ ਖੋਡੀ ਮੰਦਰ ਜਾ ਰਹੀ ਸੀ।