ਸ਼ਾਇਰ ਕਾਮਰੇਡ ਮਰਹੂਮ ਮਦਨ ਲਾਲ ਦੀਦੀ ਦਾ 100ਵਾਂ ਜਨਮਦਿਨ ਸਮਾਗਮ ਅੱਜ
ਚੰਡੀਗੜ੍ਹ,19ਮਾਰਚ(ਵਿਸ਼ਵ ਵਾਰਤਾ)- ‘ਨਜ਼ਰੇਂ ਮਿਲਾ ਕੇ ਨਾਚੋਂ’ ਨਾਂ ਥੱਲੇ ਕਮਿਊਨਿਸਟ ਟਰੇਡ ਯੂਨੀਅਨ ਆਗੂ ਅਤੇ ਸ਼ਾਇਰ (ਉਰਦੂ/ਪੰਜਾਬੀ/ਹਿੰਦੀ) ਕਾਮਰੇਡ ਮਰਹੂਮ ਮਦਨ ਲਾਲ ਦੀਦੀ ਦਾ 100ਵਾਂ ਜਨਮਦਿਨ / ਪਹਿਲੀ ਸ਼ਤਾਬਦੀ ਦਾ ਦਿਹਾੜਾ ਅੱਜ 19 ਮਾਰਚ, 2024 ਨੂੰ ਮਿਨੀ ਟੈਗੋਰ ਥੀਏਟਰ, ਚੰਡੀਗੜ੍ਹ ਮਨਾਇਆ ਜਾਵੇਗਾ।
ਇਸ ਦੌਰਾਨ ਮਰਹੂਮ ਦੀਦੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੇਵੇਂਦ੍ਰਪਾਲ ਸਿੰਘ ਜਿਨ੍ਹਾਂ ਇੰਡੀਅਨ ਆਈਡਲ ਵਿਚ ਸਨਸਨੀ ਪੈਦਾ ਕੀਤੀ ਸੀ, ਅਤੇ ਜੋ ਹੁਣ ਮਸ਼ਹੂਰ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇ ਲਈ ਪਲੇਬੈਕ ਗਾਉਂਦੇ ਹਨ, ਇਸ ਸ਼ਾਮ ਇੱਥੇ ਪੇਸ਼ਕਾਰੀ ਕਰਨਗੇ। ਉਹ ਆਪਣੇ ਮਨਮੋਹਕ ਅੰਦਾਜ਼ ਨਾਲ ਕਾਮਰੇਡ ਮਦਨ ਲਾਲ ਦੀਦੀ ਦੀਆਂ ਕੁਝ ਚੁਣੀਦੀਆਂ ਉਰਦੂ ਗ਼ਜ਼ਲਾਂ ਅਤੇ ਪੰਜਾਬੀ ਕਵਿਤਾਵਾਂ ਗਾਉਣਗੇ। ਉਹ ਸਾਰੀ ਦੁਨੀਆ ਵਿਚ ਘੁੰਮਦੇ ਪੇਸ਼ਕਾਰੀਆਂ ਦਿੰਦੇ ਰਹਿੰਦੇ ਹਨ। ਰਾਧਿਕਾ ਸੂਦ ਨਾਯਕ, ਇੱਕ ਜਜ਼ਬੇ ਨਾਲ ਭਰੀ ਤਕੜੀ ਆਵਾਜ਼ ਜਿਨ੍ਹਾਂ ਸੂਫ਼ੀਆਂ ਅਤੇ ਭਗਤਾਂ ਦੇ ਵਿਰਸੇ ਨੂੰ ਬੰਦਿਸ਼ਾਂ ਅਤੇ ਅਵਾਜ਼ ਦਿੱਤੀ ਹੈ, ਕਾਮਰੇਡ ਮਦਨ ਲਾਲ ਦੀਦੀ ਦੀਆਂ ਹਿੰਦੀ, ਪੰਜਾਬੀ ਅਤੇ ਉਰਦੂ ਗੀਤਾਂ ਨਾਲ ਮਹਿਫ਼ਲ ਦਾ ਰੰਗ ਬੰਨਣਗੇ। ਇਸ ਸੰਗੀਤਕ ਸ਼ਾਮ ਵਿਚ ਕੁਝ ਦਿਲ ਨੂੰ ਛੋਹ ਲੈਣ ਵਾਲੀਆਂ ਅਤੇ ਜ਼ਿੰਦਾਦਿਲ ਯਾਦਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਡਾ. ਸਵਰਨਜੀਤ ਕੌਰ ਮਹਿਤਾ: ਕਾਮਰੇਡ ਭੁਪਿੰਦਰ ਸਾਂਭਰ (ਸਾਬਕਾ ਜਨਰਲ ਸਕੱਤਰ ਸੀਪੀਆਈ, ਪੰਜਾਬ: ਰੱਤੀ ਕੰਤ ਸਿੰਘ (ਪ੍ਰੀਤ ਲੜੀ) ਕਾਮਰੇਡ ਬੰਤ ਸਿੰਘ ਬਰਾੜ (ਮੌਜੂਦਾ ਜਨਰਲ ਸਕੱਤਰ ਸੀਪੀਆਈ, ਪੰਜਾਬ) ਦਾ ਨਾਂ ਸ਼ਾਮਲ ਹੈ। ਪ੍ਰੋਗਰਾਮ ਵਿਚ ਕਾਮਰੇਡ ਮਦਨ ਲਾਲ ਦੀਦੀ ਦੀਆਂ ਕਵਿਤਾਵਾਂ ਉਨ੍ਹਾਂ ਦੀਆਂ ਧੀਆਂ ਪੂਨਮ ਸਿੰਘ, ਸੰਪਾਦਕਾ ਪ੍ਰੀਤ ਲੜੀ, ਸੁਮਿਤਾ ਮਦਨ ਲਾਲ ਦੀਦੀ (ਸੰਚਾਲਕਾ- ਸਾਂਝੇ ਰੰਗ ਪੰਜਾਬ ਦੇ) ਅਤੇ ਪੁੱਤਰ ਤੋਂ ਇਲਾਵਾ ਸਮੀਆ ਸਿੰਘ ਅਤੇ ਰਤਿਕਾ ਸਿੰਘ ਜੋ ਕਿ ਸ੍ਰੀ ਦੀਦੀ ਦੀਆਂ ਦੁਹਤੀਆਂ ਹਨ ਵੀ ਕਵਿਤਾਵਾਂ ਨਾਲ ਹਾਜ਼ਰੀ ਲਗਵਾਉਣਗੀਆਂ। ਉਨ੍ਹਾਂ ਤੋਂ ਇਲਾਵਾ ਬਾਲੀਵੁੱਡ ਤੋਂ ਸੈੱਲੀ, ਡਾ. ਪੁਣੀਤਾ ਸਿੰਘ ਭਾਈ ਵੀਰ ਸਿੰਘ ਜੀ ਦੇ ਪਰਿਵਾਰਕ ਮੈਂਬਰ ਅਤੇ ਸੰਗੀਤ ਦੇ ਮਾਹਿਰ ਵੀ ਕਾਮਰੇਡ ਮਦਨ ਲਾਲ ਦੀਦੀ ਦੀਆਂ ਕੁਝ ਕਵਿਤਾਵਾਂ ਸੁਣਾਉਣਗੇ।