ਸ਼ਰਾਬ ਦੀਆਂ ਦੋ ਬੋਤਲਾਂ ਪੀਣ ਤੋਂ ਬਾਅਦ ਵੀ ਨਹੀਂ ਹੋਇਆ ਨਸ਼ਾ! ਸ਼ਿਕਾਇਤ ਕਰਨ ਪਹੁੰਚਿਆ ਐਕਸਾਈਜ਼ ਦਫ਼ਤਰ
ਚੰਡੀਗੜ੍ਹ,11ਮਈ(ਵਿਸ਼ਵ ਵਾਰਤਾ)- ਲੋਕ ਅਕਸਰ ਵੱਖ-ਵੱਖ ਕਿਸਮਾਂ ਦੀਆਂ ਸ਼ਿਕਾਇਤਾਂ ਲੈ ਕੇ ਸਰਕਾਰੀ ਦਫਤਰਾਂ ਤੱਕ ਪਹੁੰਚ ਕਰਦੇ ਹਨ। ਪਰ ਮੱਧ ਪ੍ਰਦੇਸ਼ ਦੇ ਉਜੈਨ ਕਸਬੇ ਵਿੱਚ ਇੱਕ ਵਿਅਕਤੀ ਵੱਲੋਂ ਅਜੀਬ ਸ਼ਿਕਾਇਤ ਲੈ ਕੇ ਗ੍ਰਹਿ ਮੰਤਰੀ ਅਤੇ ਸਬੰਧਤ ਆਬਕਾਰੀ ਵਿਭਾਗ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਲੋਕੇਂਦਰ ਸੇਠੀਆ ਨਾਮ ਦੇ ਵਿਅਕਤੀ ਨੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਅਤੇ ਨਾਲ ਹੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕੀ ਨਕਲੀ ਸ਼ਰਾਬ ਦੇ ਖਿਲਾਫ ਇੱਕ ਪੱਤਰ ਵੀ ਸੌਂਪਿਆ ਹੈ ਜੋ ਉਸਨੇ ਖਰੀਦੀ ਸੀ।
ਜਾਣਕਾਰੀ ਅਨੁਸਾਰ ਸੇਠੀਆ ਨੇ ਕਥਿਤ ਤੌਰ ‘ਤੇ ਚਾਰ 1/4 ਬੋਤਲਾਂ (ਦੇਸੀ) ਸ਼ਰਾਬ ਖਰੀਦੀ ਸੀ ਪਰ ਉਨ੍ਹਾਂ ਵਿੱਚੋਂ ਦੋ ਬੋਤਲਾਂ ਪੀਣ ਦੇ ਬਾਵਜੂਦ ਵੀ ਉਸਨੂੰ ਨਸ਼ਾ ਨਹੀਂ ਹੋਇਆ। ਜਿਸ ਤੇ ਉਸਨੂੰ ਸ਼ੱਕ ਹੋਇਆ ਕਿ ਉਸ ਵੱਲੋਂ ਖਰੀਦੀ ਗਈ ਸ਼ਰਾਬ ਜਾਂ ਤਾਂ ਨਕਲੀ ਹੈ ਜਾਂ ਫਿਰ ਮਿਲਾਵਟੀ। ਜਿਸ ਤੋਂ ਬਾਅਦ ਉਸਨੇ ਗ੍ਰਹਿ ਮੰਤਰੀ ਅਤੇ ਆਬਕਾਰੀ ਵਿਭਾਗ ਕੋਲ ਪਹੁੰਚ ਕੀਤੀ ਹੈ ਅਤੇ ਨਾਲ ਹੀ ਬਾਕੀ ਦੀਆਂ ਦੋ ਬੋਤਲਾਂ ਵੀ ਸਬੂਤ ਵਜੋਂ ਪੇਸ਼ ਕੀਤੀਆਂ ਹਨ।
ਸ਼ਿਕਾਇਤ ਕਰਤਾ ਨੇ ਆਬਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਨ ਅਤੇ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।