ਸ਼ਰਾਬੀ ਟਰੱਕ ਡਰਾਈਵਰ ਨੇ ਫੁੱਟਪਾਥ ‘ਤੇ ਸੁੱਤੇ ਪਏ ਦੋ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ
ਚੰਡੀਗੜ੍ਹ, 22ਜੂਨ(ਵਿਸ਼ਵ ਵਾਰਤਾ)-ਲੁਧਿਆਣਾ ‘ਚ ਬੀਤੀ ਰਾਤ ਕਰੀਬ 12.30 ਵਜੇ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਸ਼ਰਾਬ ਦੇ ਨਸ਼ੇ ‘ਚ ਹੰਬੜਾ ਰੋਡ ਫੁੱਟਪਾਥ ‘ਤੇ ਸੁੱਤੇ ਪਏ ਦੋ ਲੋਕਾਂ ਨੂੰ ਕੁਚਲ ਦਿੱਤਾ। ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਉਸ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲੋਕਾਂ ਨੇ ਸ਼ਰਾਬੀ ਟਰੱਕ ਡਰਾਈਵਰ ਨੂੰ ਫੜ ਲਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਕਵਾੜ ਨਾਲ ਲੱਦਿਆ ਇਹ ਟਰੱਕ ਹੰਬੜਾ ਰੋਡ ਤੋਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ। ਟਰੱਕ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ। ਉਸ ਨੇ ਅਚਾਨਕ ਟਰੱਕ ਦੀ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੱਕ ਇੱਕ ਪਲਾਟ ਦੀ ਕੰਧ ਟੱਪ ਕੇ ਅੰਦਰ ਜਾ ਵੜਿਆ। ਉਸ ਨੇ ਸੜਕ ‘ਤੇ ਸੁੱਤੇ ਪਏ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਲਹੂ-ਲੁਹਾਨ ਦੋ ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਰਾਹਗੀਰ ਇਕੱਠੇ ਹੋ ਗਏ। ਮਰਨ ਵਾਲੇ ਵਿਅਕਤੀ ਦਾ ਨਾਂ ਮੁਕੇਸ਼ ਹੈ। ਜ਼ਖਮੀ ਵਿਅਕਤੀ ਦਾ ਨਾਂ ਮਨੋਜ ਕੁਮਾਰ ਹੈ। ਦੋਵੇਂ ਮਜ਼ਦੂਰ ਵਜੋਂ ਕੰਮ ਕਰਦੇ ਹਨ। ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਅਤੇ ਜ਼ਖ਼ਮੀ ਦੋਵੇਂ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਵਸਨੀਕ ਹਨ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਲਾਸ਼ ਨੂੰ ਪੁਲੀਸ ਨੇ ਰਾਤ ਕਰੀਬ 2 ਵਜੇ ਆਪਣੇ ਕਬਜ਼ੇ ਵਿੱਚ ਲੈ ਲਿਆ।