ਸਹੁਰੇ ਪਰਿਵਾਰ ਨੇ ਲਈ ਵਿਆਹੁਤਾ ਔਰਤ ਦੀ ਜਾਨ
ਬਠਿੰਡਾ, 15 ਮਾਰਚ (ਵਿਸ਼ਵ ਵਾਰਤਾ)ਵਿਆਹ ਦੇ ਅੱਠ ਸਾਲ ਬੀਤ ਜਾਣ ਬਾਅਦ ਬੱਚਾ ਨਾ ਹੋਣ ਅਤੇ ਪਤੀ ਦੀ ਇਕ ਲੱਖ ਰੁਪਏ ਲਿਆਉਣ ਦੀ ਮੰਗ ਨਾ ਪੂਰੀ ਕਾਰਨ ਦੀ ਕੀਮਤ ਇਕ ਵਿਆਹੁਤਾ ਔਰਤ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਚੁਕਾਉਣੀ ਪਈ। ਸੋਮਵਾਰ ਦੇਰ ਸ਼ਾਮ ਉਕਤ ਔਰਤ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਕੁੱਟਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਆਰਤੀ (25) ਪਤਨੀ ਰਾਜੂ ਮਾਤੋ ਵਾਸੀ ਧੋਬੀਆਣਾ ਬਸਤੀ ਦੇ ਤੌਰ ’ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਔਰਤ ਦਾ ਅੱਠ ਸਾਲ ਪਹਿਲਾਂ ਰਾਜੂ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਦੇ ਘਰ ਕੋਈ ਔਲਾਦ ਨਹੀਂ ਹੋਈ, ਜਿਸ ਕਾਰਨ ਰਾਜੂ ਅਤੇ ਉਸ ਦਾ ਪਰਿਵਾਰ ਆਰਤੀ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ ਤੇ ਸੋਮਵਾਰ ਨੂੰ ਉਕਤ ਵਿਅਕਤੀਆਂ ਨੇ ਆਰਤੀ ਦਾ ਕਤਲ ਕਰ ਦਿੱਤਾ।
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਰਹੂਮ ਦੀ ਮਾਤਾ ਸੁਨੀਤਾ ਦੇਵੀ ਦੇ ਬਿਆਨਾਂ ’ਤੇ ਉਸ ਦੇ ਪਤੀ ਰਾਜੂ, ਦਿਉਰ ਭੋਲਾ, ਮਾਸੀ ਸੱਸ ਸ਼ਰਮਕਲਾਂ, ਮਾਸੜ ਸਹੁਰਾ ਸੰਤੋਸ਼ ਮਾਤੋ ਦੇ ਖ਼ਿਲਾਫ਼ ਦਹੇਜ ਮੰਗਣ ਤੇ ਹੱਤਿਆ ਦੇ ਦੋਸ਼ਾਂ ਹੇਠ ਧਾਰਾ 304ਬੀ ਦੇ ਤਹਿਤ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਸਥਾਨਕ ਸਰਕਾਰੀ ਹਸਪਤਾਲ ਵਿਚ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਆਏ ਉਸਦੇ ਮਾਮੇ ਅਰਜਨ ਨੇ ਦੱਸਿਆ ਕਿ ਆਰਤੀ ਦਾ ਵਿਆਹ ਅੱਠ ਸਾਲ ਪਹਿਲਾਂ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਰਾਜੂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਆਰਤੀ ਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਈ। ਇਸ ਤੋਂ ਇਲਾਵਾ ਰਾਜੂ ਦਾਜ ਵਿਚ ਇਕ ਲੱਖ ਰੁਪਿਆ ਹੋਰ ਲਿਆਉਣ ਦੀ ਮੰਗ ਵੀ ਕਰਦਾ ਸੀ। ਮੰਗ ਨਾ ਪੂਰੀ ਹੋਣ ’ਤੇ ਆਰਤੀ ਦੀ ਕੁੱਟਮਾਰ ਕੀਤੀ ਜਾਂਦੀ। ਪੀਡ਼ਤ ਦੇ ਦੱਸਣ ਅਨੁਸਾਰ ਇਸ ਤੋਂ ਪਹਿਲਾਂ ਵੀ ਕਈ ਵਾਰੀ ਪੰਚਾਇਤੀ ਤੌਰ ’ਤੇ ਰਾਜ਼ੀਨਾਮੇ ਕਰਵਾਏ ਗਏ ਸਨ ਪਰ ਉਸ ਦੀ ਭਾਣਜੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣਾ ਜਾਰੀ ਰਿਹਾ। ਇਸ ਮੌਕੇ ਅਰਜੁਨ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਆਰਤੀ ਦੇ ਗੁਆਂਢ ਵਿਚੋਂ ਫੋਨ ਆਇਆ ਸੀ ਕਿ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਆਰਤੀ ਦੀ ਮੌਤ ਹੋ ਚੁੱਕੀ ਸੀ ਤੇ ਉਹਦੇ ਸਰੀਰ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਉਕਤ ਮਾਮਲੇ ਦੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸੁਨੀਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਹੋਇਆ ਕਥਿਤ ਦੋਸ਼ੀ ਪਤੀ, ਦਿਓਰ, ਮਾਸੀ ਸੱਸ ਅਤੇ ਮਾਸੜ ਸਹੁਰੇ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।