“ਸਵੈ ਰੱਖਿਆ ਸਿਖਲਾਈ ਪ੍ਰੋਗਰਾਮ” ਤਹਿਤ ਕਰਾਟੇ ਸਿਖਲਾਈ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ
ਡਿਪਟੀ ਕਮਿਸ਼ਨਰ ਵਲੋਂ ਸੁਰੱਖਿਆ ਲਈ ਲੜਕੀਆਂ ਨੂੰ ਸਿਖਲਾਈ ਪ੍ਰਾਪਤ ਕਰਨ ਦਾ ਸੱਦਾ
ਪਹਿਲੇ ਪੜਾਅ ਵਿਚ 9ਵੀਂ ਅਤੇ 11 ਵੀਂ ਦੀਆਂ 500 ਲੜਕੀਆਂ ਪੂਰਾ ਕੀਤਾ ਕੋਰਸ
ਕਪੂਰਥਲਾ,19 ਫਰਵਰੀ (ਵਿਸ਼ਵ ਵਾਰਤਾ)-ਸਕੂਲੀ ਵਿਦਿਆਰਥਣਾਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦੇ ਕੇ ਸਵੈ ਰੱਖਿਆ ਦੇ ਕਾਬਲ ਬਣਾਉਣ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਅੰਦਰ ਸ਼ੁਰੂ ਕੀਤੇ ਗਏ “ਸਵੈ ਰੱਖਿਆ ਸਿਖਲਾਈ ਪ੍ਰੋਗਰਾਮ” ਤਹਿਤ ਕਰਾਟੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਘੰਟਾ ਘਰ ਵਿਖੇ ਹੋਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਰਾਟੇ ਸਿਖਲਾਈ ਪ੍ਰਾਪਤ ਕਰਨ ਨਾਲ ਲੜਕੀਆਂ ਅੰਦਰ ਸਵੈ ਵਿਸ਼ਵਾਸ ਦੀ ਭਾਵਨਾ ਹੋਰ ਮਜਬੂਤ ਹੁੰਦੀ ਹੈ।
ਉਨਾਂ ਵਿਦਿਆਰਥਣਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵਲੋਂ ਬਿਲਕੁਲ ਮੁਫਤ ਦਿੱਤੀ ਜਾ ਰਹੀ ਇਸ ਸਿਖਲਾਈ ਦਾ ਲਾਭ ਲੈਣ।
“ਮੇਰੀ ਸੁਰੱਖਿਆ,ਮੇਰੀ ਜ਼ਿੰਮੇਵਾਰੀ , ਮੈਂ ਕਰਾਂਗੀ ਇਸਦੀ ਤਿਆਰੀ” ਨਾਅਰੇ ਨਾਲ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਤਹਿਤ ਨੌਵੀਂ ਅਤੇ ਗਿਆਰਵੀਂ ਜਮਾਤ ਦੀਆਂ ਲੜਕੀਆਂ ਨੂੰ ਕਰਾਟਿਆਂ ਦੀ ਸਿਖਲਾਈ ਪੜਾਅਵਾਰ ਦਿੱਤੀ ਜਾ ਰਹੀ ਹੈ।
ਪਹਿਲੇ ਪੜਾਅ ਤਹਿਤ ਜ਼ਿਲ੍ਹੇ ਭਰ ਵਿਚ ਲਗਭਗ 500 ਲੜਕੀਆਂ ਨੂੰ ਸਿਖਲਾਈ ਦਿੱਤੀ ਗਈ ਹੈ।ਸਿਖਲਾਈ ਦੇਣ ਲਈ ਏਸ਼ੀਅਨ ਗੋਲਡ ਮੈਡਲ ਜੇਤੂ ਗੁਰਪ੍ਰੀਤ ਸਿੰਘ ਰੋਜੀ ਸੇਠੀ ਦੀ ਅਗਵਾਈ ਹੇਠ 8 ਇੰਸਟਰਕਟਰਾਂ ਵਲੋਂ ਵੱਖ- ਵੱਖ ਸਕੂਲਾਂ ਵਿਚ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ।
ਜਿਨਾਂ ਲੜਕੀਆਂ ਨੇ ਸਫਲਤਾਪੂਰਵਕ ਸਿਖਲਾਈ ਕੋਰਸ ਮੁਕੰਮਲ ਕਰ ਲਿਆ ਹੈ, ਉਨਾਂ ਨੂੰ ਇੰਸਟਰਕਟਰ ਦੇ ਤੌਰ ਤੇ ਹੋਰਨਾਂ ਵਿਦਿਆਰਥਣਾਂ ਨੂੰ ਸਿਖਲਾਈ ਦੇਣ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ, ਪ੍ਰਿੰਸੀਪਲ ਸ.ਨਵਚੇਤਨ ਸਿੰਘ ਅਤੇ ਹੋਰ ਹਾਜ਼ਰ ਸਨ।