* ਦਵਾਈਆਂ ਦੀ ਹੋਮ ਡਿਲਿਵਰੀ ਉਸੇ ਤਰਾਂ ਰਹੇਗੀ ਜਾਰੀ
ਬਰਨਾਲਾ, 31 ਮਾਰਚ ( ਵਿਸ਼ਵ ਵਾਰਤਾ)-ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਨਤਕ ਹਿੱਤ ਲਈ ਕਰਫਿਊ ਦੌਰਾਨ ਕੈਮਿਸਟ ਦੀਆਂ ਦੁਕਾਨਾਂ ਸਵੇਰੇ ਦੋ ਘੰਟੇ ਖੋਲਣ ਦੀ ਛੋਟ ਦਿੱਤੀ ਗਈ ਹੈ। ਇਸ ਤਹਿਤ ਕੈਮਿਸਟਾਂ ਵੱਲੋਂ ਆਪਣੀਆਂ ਦੁਕਾਨਾਂ ਸਵੇਰੇ 6 ਤੋਂ 8 ਵਜੇ ਤੱਕ ਖੋਲ ਕੇ ਆਮ ਜਨਤਾ ਨੂੰ ਦਵਾਈਆਂ ਦੀ ਵੰਡ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਹਰ ਆਮ ਜਾਂ ਖਾਸ ਵੱਲੋਂ ਅਸਲ ਨੁਸਖ਼ਾ ਪਰਚੀ (ਪਰਸਕਿਰਿਪਸ਼ਨ ਸਲਿੱਪ) ਵਿਖਾਈ ਜਾਣੀ ਲਾਜ਼ਮੀ ਹੋਵੇਗੀ। ਫੋਟੋ ਕਾਪੀ ਜਾਂ ਮੋਬਾਈਲ ਫੋਟੋ ਵਿਖਾਏ ਜਾਣ ’ਤੇ ਦਵਾਈ ਲੈਣ ਜਾਂ ਆਉਣ ਜਾਣ ਲਈ ਛੋਟ ਨਹੀਂ ਹੋਵੇਗੀ। ਕੈਮਿਸਟ ਵੱਲੋਂ ਵੇਚੀ ਗਈ ਦਵਾਈ ਦੇ ਸਬੰਧ ਵਿੱਚ, ਅਸਲ ਨੁਸਖ਼ਾ ਪਰਚੀ ’ਤੇ ਸਬੰਧਿਤ ਦਵਾਈ ਦਾ ਸਮਾਂ (ਭਾਵ ਮਿਤੀ .ਤੋਂ ਮਿਤੀ. . ..ਤੱਕ ਦੀ ਦਵਾਈ ਹੈ) ਦਰਜ ਕਰਨਾ ਲਾਜ਼ਮੀ ਹੋਵੇਗਾ। ਕੈਮਿਸਟ ਦੀ ਦੁਕਾਨ ਤੋਂ ਦਵਾਈ ਲੈ ਕੇ ਆਉਣ ਦੀ ਆਗਿਆ ਸਿਰਫ਼ ਇੱਕ ਹੀ ਵਿਅਕਤੀ ਨੂੰ ਹੋਵੇਗੀ ਅਤੇ ਦਵਾਈ ਲੈ ਕੇ ਆਉਣ ਵਾਲਾ ਵਿਅਕਤੀ ਪੈਦਲ ਹੀ ਜਾ ਸਕਦਾ ਹੈ, ਕਿਸੇ ਵਾਹਨ ਦਾ ਇਸਤੇਮਾਲ ਕਰਨਾ ਵਰਜਿਤ ਹੋਵੇਗਾ।
ਜੇਕਰ ਇੱਕ ਤੋਂ ਵੱਧ ਵਿਅਕਤੀ ਉਕਤ ਸਮੇਂ ਦੌਰਾਨ ਦਵਾਈ ਲੈਣ ਜਾਂਦੇ ਪਾਏ ਗਏ ਜਾਂ ਕਿਸੇ ਵਿਅਕਤੀ ਕੋਲ ਅਜਿਹੀ ਨੁਸਖ਼ਾ ਪਰਚੀ ਪਾਈ ਜਾਂਦੀ ਹੈ, ਜਿਸ ’ਤੇ ਕੈਮਿਸਟ ਵੱਲੋਂ ਪਹਿਲਾਂ ਹੀ ਦਵਾਈ ਲਏ ਜਾਣ ਦਾ ਸਮਾਂ (ਭਾਵ ਮਿਤੀ .ਤੋਂ ਮਿਤੀ. . ..ਤੱਕ ਦੀ ਦਵਾਈ ਹੈ) ਦਰਜ ਕੀਤਾ ਹੋਵੇਗਾ ਤਾਂ ਸਬੰਧਿਤ ਵਿਅਕਤੀਆਂ ਵਿਰੁੱਧ ਧਾਰਾ 188 ਆਈਪੀਸੀ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਦਵਾਈਆਂ ਦੀ ਹੋਮ ਡਿਲਿਵਰੀ ਉੁਸੇ ਤਰਾਂ ਜਾਰੀ ਰਹੇਗੀ। ਹੋਮ ਡਿਲਿਵਰੀ ਲਈ ਕੈਮਿਸਟਾਂ ਦੇ ਫੋਨ ਨੰਬਰ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ www.barnala.gov.in ਤੋਂ ਦੇਖੇ ਜਾ ਸਕਦੇ ਹਨ।