ਸਵ:ਮਾਤਾ ਮਾਇਆ ਦੇਵੀ ਜਾਂਦੇ ਜਾਂਦੇ ਵੀ ਦੇ ਗਏ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ
ਮਾਨਸਾ 26 ਜੂਨ(ਵਿਸ਼ਵ ਵਾਰਤਾ)- ਮਾਤਾ ਮਾਇਆ ਦੇਵੀ ਜੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਪਵਨ ਕੁਮਾਰ ਫੱਤਾ ਸਮੇਤ ਪਰਿਵਾਰਕ ਮੈਂਬਰਾਂ ਨੇ ਮਾਤਾ ਜੀ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕਰਕੇ ਲੋਕਾਂ ਨੂੰ ਵਾਤਾਵਰਣ ਬਚਾਉਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਮਾਤਾ ਜੀ ਆਖ਼ਰੀ ਸਮੇਂ ਤੱਕ ਬਿੱਲਕੁਲ ਤੰਦਰੁਸਤ ਰਹੇ ਅਤੇ ਉਨ੍ਹਾਂ ਵਧੀਆ ਸੰਸਕਾਰ ਅਪਣੇ ਬੱਚਿਆਂ ਨੂੰ ਦੇ ਕੇ ਸਮਾਜ ਵਿੱਚ ਵਧੀਆ ਇਨਸਾਨ ਬਣਾਇਆ ਮਾਤਾ ਜੀ ਦੀ ਸਮਾਜ ਪ੍ਰਤੀ ਵਧੀਆ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਪੁੱਤਰਾਂ ਨੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਮਾਤਾ ਜੀ ਦਾ ਸੰਸਕਾਰ ਗੈਸ ਵਾਲੀ ਚਿਤਾ ਰਾਹੀਂ ਕੀਤਾ ਹੈ ਜੋ ਕਿ ਇੱਕ ਵਧੀਆ ਉਪਰਾਲਾ ਹੈ, ਜਿਸ ਨਾਲ ਲਗਭਗ ਢਾਈ ਕੁਇੰਟਲ ਲੱਕੜ ਬਚਦੀ ਹੈ ਹਰੇਕ ਇਨਸਾਨ ਨੂੰ ਅਜਿਹੇ ਉਪਰਾਲਿਆਂ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ। ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਸਿਸਟਮ ਰਾਹੀਂ ਸੰਸਕਾਰ ਕਰਨ ਲਈ ਸਿਰਫ ਸੱਤ ਕਿਲੋ ਘਰੇਲੂ ਵਰਤੋਂ ਵਾਲੀ ਗੈਸ ਅਤੇ ਸੱਤਰ ਕਿਲੋ ਲੱਕੜ ਹੀ ਲੱਗਦੀ ਹੈ ਅਤੇ ਫੁੱਲਾਂ ਆਦਿ ਦੀਆਂ ਧਾਰਮਿਕ ਰਸਮਾਂ ਵੀ ਆਮ ਕੀਤੇ ਸੰਸਕਾਰ ਵਾਂਗ ਹੀ ਹੁੰਦੀਆਂ ਹਨ।
ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਕਾਂਗਰਸੀ ਆਗੂ ਬਿਕਰਮ ਮੋਫ਼ਰ, ਭਾਜਪਾ ਆਗੂ ਜਗਦੀਪ ਨਕਈ,ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ,ਆਈ.ਐਮ.ਏ.ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਅਵਤਾਰ ਸਿੰਘ,ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ,ਡੀ.ਸੀ.ਐਫ.ਏ.ਅਸ਼ਵਨੀ ਜਿੰਦਲ, ਸਮਾਜਸੇਵੀ ਮਿੱਠੂ ਰਾਮ ਅਰੋੜਾ, ਪ੍ਰਵੀਨ ਟੋਨੀ ਸ਼ਰਮਾਂ,ਸਿਹਤ ਵਿਭਾਗ ਮਾਨਸਾ ਦੇ ਸਟਾਫ਼ ਮੈਂਬਰ,ਪਿ੍ਟ ਮੀਡੀਆ ਤੋਂ ਸਾਰੇ ਪੱਤਰਕਾਰ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।