ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਫੜੇ ਗਏ ਅਬੋਹਰ ਦੇ ਨੌਜਵਾਨ ਅਨੁਜ ਥਾਪਨ ਨੇ ਜੇਲ ‘ਚ ਕੀਤੀ ਖੁਦਕੁਸ਼ੀ
ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)- ਫਿਲਮ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ‘ਚ ਪੰਜਾਬ ਦੇ ਅਨੁਜ ਥਾਪਨ ਨਾਂ ਦੇ ਨੌਜਵਾਨ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੇ ਅੱਜ ਪੁਲਸ ਹਿਰਾਸਤ ‘ਚ ਖੁਦਕੁਸ਼ੀ ਕਰ ਲਈ। ਨੌਜਵਾਨ ਅਬੋਹਰ ਦਾ ਰਹਿਣ ਵਾਲਾ ਸੀ।
ਪੰਜਾਬ ਦੇ ਫਾਜ਼ਿਲਕਾ ਜ਼ਿਲੇ ਦੇ ਪਿੰਡ ਸੁਖਚੈਨ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਅਨੁਜ ਥਾਪਨ, ਜਿਸ ਦਾ ਨਾਂ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਮਾਮਲੇ ‘ਚ ਮੁੰਬਈ ਪੁਲਸ ਨੇ ਸ਼ਾਮਲ ਕੀਤਾ ਸੀ ਅਤੇ ਉਸ ਨੂੰ ਪੰਜਾਬ ਤੋਂ ਗ੍ਰਿਫਤਾਰ ਕਰਕੇ ਮੁੰਬਈ ਲੈ ਗਈ ਸੀ। ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਅੱਜ ਮੁੰਬਈ ਪੁਲਸ ਨੇ ਦੱਸਿਆ ਕਿ ਅਨੁਜ ਥਾਪਨ ਨੇ ਜੇਲ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਪਿੰਡ ਸੁਖਚੈਨ ਦੇ ਰਹਿਣ ਵਾਲੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।
ਪਿੰਡ ਦੇ ਸਰਪੰਚ ਮਨੋਜ ਕੁਮਾਰ ਗੋਦਾਰਾ ਦਾ ਕਹਿਣਾ ਹੈ ਕਿ ਅਨੁਜ ਨੇ ਆਤਮਹੱਤਿਆ ਨਹੀਂ ਕੀਤੀ ਸਗੋਂ ਪੁਲਿਸ ਹਿਰਾਸਤ ਦੌਰਾਨ ਪੁਲਿਸ ਦੀ ਕੁੱਟਮਾਰ ਕਾਰਨ ਉਸਦੀ ਹੱਤਿਆ ਕੀਤੀ ਗਈ ਹੈ। ਇਸ ਦੀ ਜਾਂਚ ਮਹਾਰਾਸ਼ਟਰ ਰਾਜ ਤੋਂ ਬਾਹਰ ਦੀ ਪੁਲਿਸ ਤੋਂ ਹੋਣੀ ਚਾਹੀਦੀ ਹੈ।
ਮ੍ਰਿਤਕ ਅਨੁਜ ਦੇ ਭਰਾ ਅਭਿਸ਼ੇਕ ਥਾਪਨ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਸ ਦਾ ਭਰਾ ਅਨੁਜ ਟਰੱਕ ‘ਤੇ ਕੰਡਕਟਰ ਦਾ ਕੰਮ ਕਰਦਾ ਸੀ। ਉਸ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਕਤਲ ਕੀਤਾ ਗਿਆ ਹੈ ਅਤੇ ਉਹ ਇਨਸਾਫ ਦੀ ਮੰਗ ਕਰਦੇ ਹਨ।