ਸਰੀ ਵਿੱਚ ਸਿਰਮੌਰ ਪੰਜਾਬੀ ਕਵੀ ਬਾਬਾ ਨਜਮੀ ਦਾ ਲੇਖਕਾਂ ਵੱਲੋਂ ਭਰਪੂਰ ਸੁਆਗਤ
ਗੁਰਭਜਨ ਗਿੱਲ ਦੀਆਂ ਤਿੰਨ ਕਿਤਾਬਾਂ ਮੌਕੇ ਤੇ ਭੇਂਟ ਹੋਈਆਂ
ਲੁਧਿਆਣਾਃ 11ਅਗਸਤ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸ਼ਹਿਰ ਲਾਹੌਰ ਵੱਸਦੇ ਪੰਜਾਬੀ ਜ਼ਬਾਨ ਦੇ ਮਹਾਨ ਲੋਕ ਕਵੀ ਬਾਬਾ ਨਜਮੀ ਦੇ ਕੈਨੇਡਾ ਦੌਰੇ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੇ ਪੜਾਅ ਸਰੀ ਵਿੱਚ ਪੰਜਾਬੀ ਲੇਖਕਾਂ ਸੁਰਜੀਤ ਮਾਧੋਪੁਰੀ, ਸੰਤੋਖ ਸਿੰਘ ਮੰਢੇਰ ਤੇ ਪ੍ਰਿਤਪਾਲ ਸਿੰਘ ਗਿੱਲ ਵੱਲੋਂ ਭਰਪੂਰ ਸੁਆਗਤ ਕੀਤਾ ਗਿਆ।
ਬਾਬਾ ਨਜਮੀ ਦੇ ਸੁਆਗਤ ਵਿੱਚ ਅੱਜ ਸੁਰਜੀਤ ਮਾਧੋਪੁਰੀ ਦੇ ਦਫ਼ਤਰ ਵਿੱਚ ਇਕੱਤਰਤਾ ਕੀਤੀ ਗਈ ਜਿਸ ਵਿੱਚ ਪ੍ਰਸਿੱਧ ਲੇਖਕ ਤੇ ਸਭਿਆਰਕ ਹਸਤੀ ਇਕਬਾਲ ਮਾਹਲ ਵੀ ਟੋਰੰਟੋ ਤੋਂ ਪੁੱਜੇ। ਗੁਰਭਜਨ ਗਿੱਲ ਦੀਆਂ ਕਾਵਿ ਪੁਸਤਕਾਂ ਮਿਰਗਾਵਲੀ, ਸੁਰਤਾਲ ਤੇ ਪਿੱਪਲ ਪੱਤੀਆਂ ਸੁਰਜੀਤ ਮਾਧੋਪੁਰੀ, ਪ੍ਰਿਤਪਾਲ ਗਿੱਲ ਤੇ ਹੋਰ ਲੇਖਕਾਂ ਨੇ ਬਾਬਾ ਨਜਮੀ ਤੇ ਇਕਬਾਲ ਮਾਹਲ ਨੂੰ ਭੇਂਟ ਕੀਤੀਆਂ।
ਬਾਬਾ ਨਜਮੀ ਜੀ ਨੇ ਇਸ ਮੌਕੇ ਕਿਹਾ ਕਿ ਗੁਰਭਜਨ ਗਿੱਲ ਤੇ ਮੈ ਸਾਂਝੀ ਬੁੱਕਲ ਦੇ ਭਾਈਵਾਲ ਹਾਂ ਜੋ ਵਿਸ਼ਵ ਅਮਨ ਦੇ ਨਾਲ ਨਾਲ ਲੋਕਤਾ ਦੀ ਪੀੜ ਨੂੰ ਘਟਾਉਣ ਲਈ ਕਲਮ ਦੀ ਵਰਤੋਂ ਕਰਦੇ ਹਾਂ।
ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ 13 ਅਗਸਤ ,2022 ਦਿਨ ਸਨਿੱਚਰਵਾਰ ,ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀਜ਼ਨ ਸੈਂਟਰ (7050 120 ਸਟ੍ਰੀਟ) ਸਰੀ ਵਿਖੇ ਬਾਬਾ ਨਜਮੀ ਦਾ ਰੂ ਬ ਰੂ ਕਰਵਾਇਆ ਜਾ ਰਿਹਾ ਹੈ ,ਜਿਸ ਵਿੱਚ ਉਹ ਆਪਣੀਆਂ ਨਜ਼ਮਾਂ ਨਾਲ ਹਾਜ਼ਰ ਹੋਣਗੇ।
ਇਸ ਮੌਕੇ ਇਕਬਾਲ ਮਾਹਲ ਟੋਰਾਂਟੋ ਵਿਸ਼ੇਸ਼ ਮਹਿਮਾਨ ਹੋਣਗੇ ।
ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਹੈ।