ਬਲਵਿੰਦਰ ਕੌਰ ਉਪ ਪ੍ਰਧਾਨ ਬਣੇ, ਐਸਡੀਐਮ ਰਹੇ ਗੈਰ ਹਾਜ਼ਰ
ਚੀਮਾ ਮੰਡੀ (ਸੰਗਰੂਰ), 15 ਜਨਵਰੀ (ਵਿਸ਼ਵ ਵਾਰਤਾ )
ਨਗਰ ਪੰਚਾਇਤ ਚੀਮਾ ਦੇ ਵਾਰਡ ਨੰਬਰ 12 ਤੋਂ ਐਮ.ਸੀ ਅਵਤਾਰ ਸਿੰਘ ਨੂੰ ਅੱਜ ਸਰਬਸੰਮਤੀ ਨਾਲ ਨਗਰ ਪੰਚਾਇਤ ਚੀਮਾ ਮੰਡੀ ਦਾ ਪ੍ਰਧਾਨ ਚੁਣ ਲਿਆ ਗਿਆ, ਜਦਕਿ ਵਾਰਡ ਨੰਬਰ 7 ਤੋਂ ਮੈਂਬਰ ਬਲਵਿੰਦਰ ਕੌਰ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ।
ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਸਮੇਤ ਕੁੱਲ 14 ਮੈਂਬਰਾਂ ਵਿਚੋਂ 10 ਹਾਜ਼ਰ ਹੋਏ ਜਦਕਿ 4 ਮੈਂਬਰ ਗੈਰ ਹਾਜ਼ਰ ਸਨ। ਜਦਕਿ ਐਸਡੀਐਮ ਅੱਜ ਦੀ ਬੈਠਕ ਵਿਚ ਵੀ ਨਹੀਂ ਪਹੁੰਚੇ, ਇਸ ਤੋਂ ਇਹ ਬੈਠਕ 12 ਜਨਵਰੀ 2018 ਨੂੰ ਰੱਖੀ ਗਈ ਸੀ ਪਰੰਤੂ ਐਸਡੀਐਮ ਵੱਲੋਂ ਬਿਨਾ ਕਿਸੇ ਕਾਰਨ ਦੱਸੇ ਮੁਲਤਵੀ ਕਰ ਦਿੱਤੀ ਸੀ। ਇਸ ਦੀ ਪੁਸ਼ਟੀ ਵਿਧਾਇਕ ਅਮਨ ਅਰੋੜਾ ਨੇ ਕੀਤੀ। ਉਨ੍ਹਾਂ ਦੱਸਿਆ ਅੱਜ ਵੀ ਦੁਪਹਿਰ ਤੱਕ ਐਸਡੀਐਮ ਮੀਟਿੰਗ ਵਿਚ ਨਹੀਂ ਪਹੁੰਚੇ ਅਤੇ ਫ਼ੋਨ ਉੱਪਰ ਵੀ ਕੋਈ ਸੂਚਨਾ ਨਹੀਂ ਦਿੱਤੀ। ਸੰਬੰਧਿਤ ਅਧਿਕਾਰੀ ਵੱਲੋਂ ਫ਼ੋਨ ਬੰਦ ਕਰਨ ਅਤੇ ਦੂਸਰੇ ਅਧਿਕਾਰੀਆਂ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਦਿੱਤੇ ਜਾਣ ਉਪਰੰਤ ਚੁਣੇ ਹੋਏ ਪ੍ਰਤੀਨਿਧਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸਰਬਸੰਮਤੀ ਨਾਲ ਇਸ ਚੋਣ ਦੌਰਾਨ ਅਵਤਾਰ ਸਿੰਘ ਨੂੰ ਪ੍ਰਧਾਨ ਅਤੇ ਬਲਵਿੰਦਰ ਕੌਰ ਨੂੰ ਉਪ ਪ੍ਰਧਾਨ ਚੁਣ ਲਿਆ।
ਅਮਨ ਅਰੋੜਾ ਨੇ ਕਿਹਾ ਕਿ ਉਹ ਅਧਿਕਾਰੀਆਂ ਵੱਲੋਂ ਵਰਤੀ ਗਈ ਇਸ ਗੈਰ ਜ਼ਿੰਮੇਵਾਰੀ ਅਤੇ ਪ੍ਰੋਟੋਕੋਲ ਦੀ ਉਲੰਘਣਾ ਦਾ ਮਾਮਲਾ ਵਿਧਾਨ ਸਭਾ ਪ੍ਰੀਵੀਲੇਜ ਕਮੇਟੀ ਅਤੇ ਮਾਨਯੋਗ ਸਪੀਕਰ ਕੋਲ ਉਠਾਉਣਗੇ। ਉਨ੍ਹਾਂ ਦੱਸਿਆ ਇਸ ਬਾਰੇ ਮੁੱਖ ਚੋਣ ਕਮਿਸ਼ਨਰ ਅਤੇ ਮੁੱਖ ਸਕੱਤਰ ਪੰਜਾਬ ਨੂੰ ਲਿਖਤ ਰੂਪ ਵਿਚ ਭੋਜ ਦਿੱਤਾ ਹੈ।