—ਮਾਮਲਾ ਪੰਚਾਇਤ ਸਕੱਤਰ ਦੀ ਕੁੱਟਮਾਰ ਕਰਨ ਦਾ
ਬਰਨਾਲਾ 3 ਅਪ੍ਰੈਲ( ਸੁਰਿੰਦਰ ਸਿੰਗਲਾ)-ਐਸਐਸਪੀ ਦਫਤਰ ਦੀ ਦਰਖਾਸਤ ਨੰਬਰੀ 1042\ਵੀਪੀ ਦੇ ਅਧਾਰ ‘ਤੇ ਥਾਣਾ ਸ਼ਹਿਣਾ ਪੁਲਿਸ ਨੇ ਕਸਬਾ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਕਾਂਗਰਸੀ ਆਗੂ ਖਿਲਾਫ ਪੰਚਾਇਤ ਸਕੱਤਰ ਦੀ ਕੁੱਟਮਾਰ ਕਰਨ ਤੇ ਸਰਕਾਰੀ ਡਿਉਟੀ ‘ਚ ਵਿਘਨ ਪਾਉਣ ਦਾ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸ਼ਹਿਣਾ ਦੇ ਐੱਸਐੱਚਓ ਤਰਸੇਮ ਸਿੰਘ ਨੇ ਦੱਸਿਆ ਕਿ ਮਿਲੀ ਦਰਖਾਸਤ ਅਨੁਸਾਰ ਜਗਦੇਵ ਸਿੰਘ ਪੰਚਾਇਤ ਸਕੱਤਰ ਸ਼ਹਿਣਾ ਪੁੱਤਰ ਅਜਮੇਰ ਸਿੰਘ ਵਾਸੀ ਜੰਗੀਆਣਾ ਬੀਡੀਪੀਓ ਦਫਤਰ ਸ਼ਹਿਣਾ `ਚ ਪੰਚਾਇਤ ਸਕੱਤਰ ਲੱਗਿਆ ਹੋਇਆ ਹੈ। ਜਿਸ ਦੀ ਏਡੀਸੀ ਬਰਨਾਲਾ ਦੇ ਹੁਕਮਾਂ ਅਨੁਸਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਉਸ ਦੀ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣ ਸਬੰਧੀ ਡਿਊਟੀ ਲੱਗੀ ਹੋਈ ਹੈ। ਜਿਸ ਤਹਿਤ ਉਹ ਆਪਣੇ ਸਰਕਲ ਦੀ ਸ਼ਹਿਣਾ ਪੰਚਾਇਤ ਦੇ ਪੰਚਾਂ ਨੂੰ ਸੂਚਿਤ ਕਰਕੇ ਵਾਪਸ ਆ ਰਿਹਾ ਸੀ ਤਾਂ ਗੈਸ ਏਜੰਸੀ ਕੋਲ ਪਹੁੰਚਣ ‘ਤੇ ਮੇਰੀ ਗੱਡੀ ਸੁਖਵਿੰਦਰ ਸਿੰਘ ਜੋ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਦਾ ਪੁੱਤਰ ਹੈ। ਦਰਖਾਸਤ ਅਨੁਸਾਰ ਪੰਚਾਇਤ ਸਕੱਤਰ ਨੂੰ ਘੇਰ ਕੇ ਗਾਲੀ ਗਲੋਚ ਕਰਦਿਆਂ ਕਿਹਾ ਕਿ ਲਿਸਟਾਂ ਮੈਂਬਰਾਂ ਤੋਂ ਕਿਉਂ ਪੁੱਛ ਕੇ ਬਣਾ ਰਿਹਾ ਹੈ, ਮੈਨੂੰ ਜੋ ਸਰਕਾਰ ਵੱਲੋਂ 5 ਹਜ਼ਾਰ ਰੁਪਏ ਕਢਵਾਉਣ ਲਈ ਕਿਉਂ ਨਹੀਂ ਦਿੰਦਾ ਇਹ ਕਹਿ ਕੇ ਮੇਰੇ ਥੱਪੜ ਮਾਰੇ ਤੇ ਪੱਗ ਲਾਹ ਕੇ ਬਾਹ ਮਰੋੜ ਦਿੱਤੀ ਅਤੇ ਸਰਕਾਰੀ ਡਿਉਟੀ ਵਿੱਚ ਵਿਘਨ ਪਾਇਆ ਤੇ ਧਮਕੀ ਦਿੱਤੀ ਕਿ ਤੈਨੂੰ ਜਾਨੋ ਮਾਰ ਦੇਵਾਗਾਂ, ਮੇਰੀ ਉੱਪਰ ਤੱਕ ਪਹੁੰਚ ਹੈ। ਉਨ੍ਹਾਂ ਦੱਸਿਆ ਕਿ ਦਰਖਾਸਤ ਦੀ ਤਸਦੀਕ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਆਪਣਾ ਪੱਤਰ ਨਾਲ ਲਗਾ ਕੇ ਕੀਤੀ ਗਈ ਹੈ। ਜਿਸ ਦਾ ਉਤਾਰਾ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਭੇਜਿਆ ਗਿਆ ਹੈ। ਇਸ ਦਰਖਾਸਤ ਨੂੰ ਜ਼ਿਲਾ ਪੁਲਿਸ ਮੁੱਖੀ ਸੰਦੀਪ ਗੋਇਲ ਵੱਲੋਂ ਉੱਪ ਕਪਤਾਨ ਪੁਲਿਸ ਤਪਾ ਰਾਵਿੰਦਰ ਸਿੰਘ ਰੰਧਾਵਾ ਨੂੰ ਮਾਰਕ ਕਰਕੇ ਤਸਦੀਕ ਕਰਨ ਲਈ ਲਿਖਿਆ ਗਿਆ। ਜਿਸ ਦੀ ਤਸਦੀਕ ਉੱਪ ਕਪਤਾਨ ਪੁਲਿਸ ਰਾਵਿੰਦਰ ਸਿੰਘ ਰੰਧਾਵਾ ਵੱਲੋਂ ਕਰਨ ਉਪਰੰਤ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਪੁੱਤਰ ਸਰਪੰਚ ਮਲਕੀਤ ਕੌਰ ਕਲਕੱਤਾ ਵਾਸੀ ਸ਼ਹਿਣਾ ਖਿਲਾਫ ਸਰਕਾਰੀ ਮੁਲਾਜ਼ਮ ‘ਤੇ ਹਮਲਾ ਕਰਨ, ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਲੋਕਾਂ ਨੂੰ ਇਕੱਠੇ ਕਰਕੇ ਨੁਕਸਾਨ ਪਹੁੰਚਾਉਣ, ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ, ਲੋਕ ਸੇਵਕ ਦੀ ਬੇਇਜਤੀ ਕਰਨ, ਘੇਰ ਕੇ ਕੁੱਟਣ, ਧਮਕੀਆਂ ਦੇਣ ਦਾ ਧਾਰਾ 353, 186, 332, 188, 355, 341, 506 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਜਾਂਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ।
*—ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ-ਐੱਸਐੱਚਓ*
ਐੱਸਐੱਚਓ ਤਰਸੇਮ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।