ਸਰਦੀਆਂ ਵਿੱਚ ਸੰਘਣੀ ਧੁੰਦ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਜਾਣ ਵਾਲੀਆਂ 3 ਟਰੇਨਾਂ ਮਾਰਚ ਮਹੀਨੇ ਤੱਕ ਰੱਦ
ਚੰਡੀਗੜ੍ਹ 19 ਨਵੰਬਰ(ਵਿਸ਼ਵ ਵਾਰਤਾ)- ਸਰਦੀਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਜਾਣ ਵਾਲੀਆਂ 3 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਹੁਕਮ ਰੇਲਵੇ ਮੰਤਰਾਲੇ ਨੇ ਅੰਬਾਲਾ ਰੇਲਵੇ ਡਿਵੀਜ਼ਨ ਤੋਂ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਸਰਦੀਆਂ ਵਿੱਚ ਦਸੰਬਰ ਤੋਂ ਫਰਵਰੀ ਦਰਮਿਆਨ ਸੰਘਣੀ ਧੁੰਦ ਅਤੇ ਧੂੰਏਂ ਕਾਰਨ ਹਰ ਸਾਲ ਇਕੱਲੇ ਅੰਬਾਲਾ ਡਿਵੀਜ਼ਨ ਤੋਂ ਕਰੀਬ 60 ਟਰੇਨਾਂ ਰੱਦ ਹੋ ਜਾਂਦੀਆਂ ਹਨ। ਦਿਨ ਵੇਲੇ ਕਈ ਥਾਵਾਂ ‘ਤੇ ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਰੇਲ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ‘ਚ ਇਹ ਹੁਕਮ ਜਾਰੀ ਕੀਤੇ ਗਏ ਹਨ।
ਰੱਦ ਕੀਤੀਆਂ ਟਰੇਨਾਂ ਵਿੱਚੋਂ ਚੰਡੀਗੜ੍ਹ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ (12241-42) ਨੂੰ 1 ਦਸੰਬਰ, 2022 ਤੋਂ 28 ਫਰਵਰੀ, 2023 ਤੱਕ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਪ੍ਰਯਾਗਰਾਜ ਜਾਣ ਵਾਲੀ ਰੇਲਗੱਡੀ (14217-18) ਨੂੰ 1 ਦਸੰਬਰ, 2022 ਤੋਂ 1 ਮਾਰਚ, 2023 ਤੱਕ ਰੱਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾਣ ਵਾਲੀ ਰੇਲਗੱਡੀ (15903-04) 2 ਦਸੰਬਰ, 2022 ਤੋਂ 28 ਫਰਵਰੀ, 2023 ਤੱਕ ਰੱਦ ਰਹੇਗੀ।
ਦੂਜੇ ਪਾਸੇ, ਅੰਬਾਲਾ ਤੋਂ ਜੈਨਗਰ ਰੇਲਗੱਡੀ (14673-74) ਨੂੰ 1 ਦਸੰਬਰ, 2022 ਤੋਂ 1 ਮਾਰਚ, 2023 ਤੱਕ ਰੱਦ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ-ਟਾਟਾ ਟਰੇਨ (18104-04) 5 ਦਸੰਬਰ, 2022 ਤੋਂ 1 ਮਾਰਚ, 2023 ਤੱਕ ਰੱਦ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਕੋਲਕਾਤਾ ਜਾਣ ਵਾਲੀ ਰੇਲਗੱਡੀ (12317-18) ਨੂੰ 4 ਦਸੰਬਰ, 2022 ਤੋਂ 28 ਫਰਵਰੀ, 2023 ਤੱਕ ਰੱਦ ਕਰ ਦਿੱਤਾ ਗਿਆ ਹੈ।
ਇਨ੍ਹਾਂ ਟਰੇਨਾਂ ਦੇ ਯਾਤਰੀ ਜਿਨ੍ਹਾਂ ਨੇ ਕਾਊਂਟਰ ‘ਤੇ ਬੁਕਿੰਗ ਕਰਵਾਈ ਸੀ, ਉਨ੍ਹਾਂ ਨੂੰ ਕਾਊਂਟਰ ‘ਤੇ ਹੀ ਟਿਕਟਾਂ ਕੈਂਸਲ ਕਰਵਾਉਣੀਆਂ ਪੈਣਗੀਆਂ। ਜਦੋਂਕਿ ਔਨਲਾਈਨ ਟਿਕਟ ਬੁਕਿੰਗ ਸਿਰਫ਼ ਆਨਲਾਈਨ ਹੀ ਰੱਦ ਹੋਵੇਗੀ। ਇਹ ਰਕਮ ਯਾਤਰੀਆਂ ਦੇ ਖਾਤੇ ‘ਚ ਆ ਜਾਵੇਗੀ।