ਲੁਧਿਆਣਾ 28 ਮਾਰਚ( ਵਿਸ਼ਵ ਵਾਰਤਾ):- ਅਕਾਲੀ ਦਲ ਦੇ ਲੀਗਲ ਸੈੱਲ ਦੇ ਪ੍ਰਧਾਨ ਲੁਧਿਆਣਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਦੇ ਡਰੋਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਗਰੀਬ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲੱਗੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਨ੍ਹਾਂ ਦਾ ਕੰਮ ਸੂਬੇ ਵਿੱਚ ਕਰਫਿਊ ਦੀ ਸਥਿਤੀ ਤੇ ਕਾਬੂ ਕਰਕੇ ਅਮਨ ਕਾਨੂੰਨ ਬਹਾਲ ਕਰਨਾ ਹੁੰਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਵੱਲੋਂ ਦਿਖਾਵੇ ਲਈ ਗਰੀਬ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੀ ਥਾਂ ਤੇ ਸੈਲਫੀਆਂ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਹਨ ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਕੁਦਰਤੀ ਆਫਤਾਂ ਬਾਰੇ ਪੰਜਾਬ ਚ ਨਿਯੁਕਤ ਕੀਤਾ ਗਿਆ 27000 ਸਿਵਲ ਡਿਫੈਂਸ ਦਾ ਮੁਲਾਜ਼ਮ ਵਿਹਲਾ ਬੈਠਾ ਹੈ ਉਸ ਤੋਂ ਡਿਊਟੀ ਲਈ ਜਾਵੇ । ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦੇ ਮੁਲਾਜ਼ਮਾਂ ਨੂੰ ਬਕਾਇਦਾ ਤੌਰ ਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਟ੍ਰੇਨਿੰਗ ਵੀ ਹੁੰਦੀ ਹੈ ਅਤੇ ਇਨ੍ਹਾਂ ਦੇ ਸਾਰੀਆਂ ਕੰਮ ਕਰਦੀਆਂ ਐਨਜੀਓ ਨਾਲ ਵੀ ਨੈੱਟਵਰਕ ਬਣਿਆ ਹੁੰਦਾ ਹੈ ।ਇਸ ਸਮੇਂ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਪੰਜਾਬ ਵਿੱਚ ਲੱਗਭਗ ਸਾਰੇ ਥਾਈਂ ਹਨ ,ਉਨ੍ਹਾਂ ਦੇ ਗੁਰਦੁਆਰਾ ਸਾਹਿਬਾਨਾਂ ਚ ਲੰਗਰ ਤਿਆਰ ਕਰਵਾ ਕੇ ਗਰੀਬ ਲੋਕਾਂ ਨੂੰ ਘਰ -ਘਰ ਪਹਚਾਇਆ ਜਾ ਸਕਦਾ ਹੈ । ਐਡਵੋਕੇਟ ਘੁੰਮਣ ਨੇ ਕਿਹਾ ਕਿ ਪੁਲਸ ਤੋਂ 24-24 ਘੰਟੇ ਡਿਊਟੀ ਲੈਣ ਕਾਰਨ ਉਨ੍ਹਾਂ ਦੀ ਮਾਨਸਿਕਤਾ ਵਿਗੜਦੀ ਹੈ । ਜਿਸ ਕਾਰਨ ਕਈ ਪੁਲਸ ਵਾਲੇ ਕਰਫਿਊ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਕਾਨੂੰਨ ਵੀ ਆਪਣੇ ਹੱਥ ਵਿੱਚ ਲੈ ਰਹੇ ਹਨ ।