ਸਰਕਾਰ ਦੀ ਅਣਦੇਖੀ ਦੇ ਵਿਰੋਧ ‘ਚ ਖੇਤੀ ਟੈਕਨੋਕਰੇਟਸ ਵੱਲੋਂ ਦੋ ਦਿਨਾਂ ਮੁਕੰਮਲ ਕਲਮ ਛੋੜ ਹੜਤਾਲ
ਮੋਹਾਲੀ 19 ਮਈ (ਵਿਸ਼ਵ ਵਾਰਤਾ ) ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਅਫ਼ਸਰ, ਡਿਪਟੀ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਸਾਂਝੀ ਜਥੇਬੰਦੀ “ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ(ਐਗਟੈਕ)” ਪੰਜਾਬ ਵੱਲੋਂ ਸਰਕਾਰ ਨੂੰ ਆਪਣੀਆਂ ਵਿਭਾਗੀ ਹੱਕੀ, ਜਾਇਜ਼ ਅਤੇ ਕਿਸਾਨ ਹਿਤੈਸ਼ੀ ਮੰਗਾਂ ਸਬੰਧੀ ਸਮੇਂ-ਸਮੇਂ ਜਾਣੂ ਕਰਵਾਉਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਹਨਾਂ ਮੰਗਾਂ ਉੱਤੇ ਗੌਰ ਨਾ ਕਰਨ ਦੇ ਰੋਸ ਵਜੋਂ ਪੰਜਾਬ ਭਰ ਦੇ ਖੇਤੀ ਟੈਕਨੋਕਰੇਟਸ 20 ਅਤੇ 21 ਮਈ ਨੂੰ ਮੁਕੰਮਲ ਕਲਮ ਛੋੜ ਹੜਤਾਲ ਉੱਤੇ ਰਹਿਣਗੇ। ਵਿਭਾਗ ਦੇ ਸਮੂਹ ਅਧਿਕਾਰੀਆਂ ਵਿੱਚ ਐਗਟੈਕ ਦੀ ਦਿੱਤੀ ਇਸ ਕਾਲ ਪ੍ਰਤੀ ਕਾਫ਼ੀ ਉਤਸ਼ਾਹ ਹੈ ਅਤੇ ਸਮੂਹ ਖੇਤੀ ਟੈਕਨੋਕਰੇਟਸ ਸਰਕਾਰ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ।
ਰੋਸ ਦੇ ਇਹਨਾਂ ਦੋ ਦਿਨਾਂ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਰਕਾਰ ਨਾਲ ਦਫ਼ਤਰੀ ਪੱਤਰ ਵਿਹਾਰ, ਸੈਂਪਲਿੰਗ, ਟੈਸਟਿੰਗ ਆਦਿ ਦਾ ਕੰਮ ਜਾਂ ਕੋਈ ਵਰਚੁਅਲ ਮੀਟਿੰਗ ਨਹੀਂ ਕੀਤੀ ਜਾਵੇਗੀ। ਪਰ ਕਿਸਾਨਾਂ ਨੂੰ ਦਫ਼ਤਰਾਂ ਵਿੱਚ ਜਾਂ ਖੇਤ ਪੱਧਰ ‘ਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਪੂਰੀਆਂ ਦਿੱਤੀਆਂ ਜਾਣਗੀਆਂ।
ਮੰਗਾਂ ਬਾਰੇ ਦੱਸਦਿਆਂ ਐਗਟੈਕ ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਪੱਧਰ ਦੀਆਂ ਅਸਾਮੀਆਂ ਖਾਲੀ ਪਈਆਂ ਹੋਣ ਕਰਕੇ ਅਤੇ ਪਿਛਲੇ ਲੰਮੇਂ ਸਮੇਂ ਤੋਂ ਰੈਗੂਲਰ ਵਿਭਾਗੀ ਤਰੱਕੀਆਂ ਨਾ ਹੋਣ ਕਾਰਨ ਵਿਭਾਗ ਦਾ ਢਾਂਚਾ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਖੇਤੀ ਪਸਾਰ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਖੇਤੀ ਨੂੰ ਦਰਪੇਸ਼ ਚੁਣੌਤੀਆਂ ਜਿਵੇਂ ਜ਼ਮੀਨ ਦੋਜ਼ ਪਾਣੀ ਥੱਲੇ ਜਾ ਰਿਹਾ, ਦਵਾਈਆਂ ਖਾਦਾਂ ਦੀ ਵੱਧ ਰਹੀ ਵਰਤੋਂ, ਮੌਸਮੀ ਤਬਦੀਲੀਆਂ, ਖੇਤੀ ਵਿਭਿੰਨਤਾ, ਨਵੀਆਂ ਮੰਡੀਆਂ ਲੱਭਣ, ਖੇਤੀ ਲਾਗਤਾਂ ‘ਤੇ ਨਿਯੰਤਰਣ ਅਤੇ ਉੱਤਮ ਮਿਆਰ ਦੀਆਂ ਦਵਾਈਆਂ ਖਾਦ ਬੀਜ ਮੁਹੱਈਆ ਕਰਵਾਉਣ ਆਦਿ ਲਈ ਖੇਤੀ ਟੈਕਨੋਕਰੇਟਸ ਦੀ ਅਹਿਮ ਭੂਮਿਕਾ ਹੈ। ਪਰ ਕੁੱਝ ਖੇਤੀ ਵਿਰੋਧੀ ਸ਼ਕਤੀਆਂ ਲਗਾਤਾਰ ਕਿਸਾਨੀ ਨੂੰ ਢਾਅ ਲਾਉਣ, ਖੇਤੀ ਪਸਾਰ ਸੇਵਾਵਾਂ ਕਿਸਾਨਾਂ ਕੋਲੋਂ ਖੋਹਣ ਅਤੇ ਖੇਤੀ ਟੈਕਨੋਕਰੇਟਸ ਨੂੰ ਦਬਾਉਣ ਦਾ ਯਤਨ ਕਰ ਰਹੀਆਂ ਨੇ। ਕਿਸਾਨਾਂ ਨਾਲ ਜੁੜੇ ਖੇਤੀਬਾੜੀ ਮਹਿਕਮੇ ਨੂੰ ਅਣਦੇਖਿਆਂ ਕਰਨ ਨਾਲ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰ ਘਰ-ਘਰ ਨੌਕਰੀ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਸਖ਼ਤ ਇਮਤਿਹਾਨ ਪਿਛੋਂ ਚੁਣ ਕੇ ਆਏ 141 ਖੇਤੀਬਾੜੀ ਵਿਕਾਸ ਅਫ਼ਸਰ ਆਪਣੀ ਭਰਤੀ ਪ੍ਰਕਿਰਿਆ ਪਿਛਲੇ ਸਾਲ ਅੱਧ ਜੁਲਾਈ ਦੀ ਪੂਰੀ ਹੋ ਜਾਣ ਦੇ ਬਾਵਜੂਦ ਵੀ ਆਪਣੇ ਨਿਯੁਕਤੀ ਪੱਤਰ ਉਡੀਕ ਰਹੇ ਹਨ। ਐਗਟੈਕ ਮੰਗ ਕਰਦੀ ਹੈ ਕਿ ਵੱਧਦੇ ਕਿਸਾਨ ਪਰਿਵਾਰਾਂ ਅਤੇ ਮੌਜੂਦਾ ਖੇਤੀ ਚੁਣੌਤੀਆਂ ਦੇ ਸਨਮੁੱਖ ਖੇਤੀ ਮਾਹਿਰਾਂ ਦੀ ਗਿਣਤੀ ਜਮੀਨੀ ਪੱਧਰ ‘ਤੇ ਵਧਾਉਣ ਅਤੇ ਕਿਸਾਨਾਂ ਨੂੰ ਸਮੇਂ ਦੇ ਹਾਣ ਦੀਆਂ ਅਤੇ ਕਿਸਾਨੀ ਲੋੜਾਂ ਦੇ ਮੇਚਵੀਆਂ ਖੇਤੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਖੇਤੀਬਾੜੀ ਮਹਿਕਮੇ ਦਾ ਢਾਂਚਾ ਨਵਿਆਇਆ ਅਤੇ ਮਜ਼ਬੂਤ ਕੀਤਾ ਜਾਵੇ।
ਐਗਟੈਕ ਦੀ ਲੀਡਰਸ਼ਿਪ ਜਿਸ ਵਿੱਚ ਡਾ. ਗੁਰਵਿੰਦਰ ਸਿੰਘ ਚੇਅਰਮੈਨ, ਡਾ. ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ, ਡਾ. ਸੁਸ਼ੀਲ ਅੱਤਰੀ ਕਨਵੀਨਰ, ਡਾ. ਕਿਰਪਾਲ ਸਿੰਘ ਢਿੱਲੋਂ ਸਕੱਤਰ ਜਨਰਲ, ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਵਿੱਤ ਸਕੱਤਰ, ਡਾ. ਗੁਰਮੇਲ ਸਿੰਘ ਜੁਆਇੰਟ ਸਕੱਤਰ, ਡਾ. ਬੇਅੰਤ ਸਿੰਘ ਪ੍ਰੈਸ ਸਕੱਤਰ ਵੱਲੋਂ ਇਸ ਕਾਲ ਨੂੰ ਸਮੂਹ ਅਧਿਕਾਰੀਆਂ ਵੱਲੋਂ ਤਨੋਂ-ਮਨੋਂ ਨੇਪਰੇ ਚੜਾਉਣ ਦੀ ਆਸ ਪ੍ਰਗਟਾਈ ਗਈ।