ਸਰਕਾਰ ਅਤੇ ਪਾਰਟੀ ਲੀਡਰਸ਼ਿਪ ਮਿਲੇ ਕੇ ਕੰਮ ਕਰਨਗੀਆਂ: ਕੈਪਟਨ ਅਮਰਿੰਦਰ ਸਿੰਘ
93 ਫੀਸਦੀ ਚੋਣ ਵਾਅਦੇ ਪਹਿਲਾਂ ਹੀ ਪੂਰੇ ਕੀਤੇ, ਬਾਕੀ ਵੀ ਜਲਦ ਪੂਰੇ ਕੀਤੇ ਜਾਣਗੇ
ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ)/ਚੰਡੀਗੜ੍ਹ, 31 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਤੇ ਪਾਰਟੀ ਲੀਡਰਸ਼ਿਪ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ਪੱਕਾ ਕਰਨ ਲਈ ਮਿਲ ਕੇ ਕੰਮ ਕਰਨਗੀਆਂ।
ਇੱਥੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਯਾਦਗਾਰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਪਾਰਟੀ ਦੀ ਸਥਿਤੀ ਬਿਹਤਰ ਹੈ ਅਤੇ ਚੋਣਾਂ ਤੱਕ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਡ ਸ਼ੋਅ ਕਰਨ ਦੇ ਮੁੱਦੇ `ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਅਜੇ ਤੱਕ ਅਜਿਹੀ ਕੋਈ ਯੋਜਨਾ ਨਹੀਂ ਪਰ ਇਹ ਵਾਇਰਸ ਹੁਣ ਕਾਬੂ ਹੇਠ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਡਾਕਟਰੀ ਮਾਹਰਾਂ ਦੀ ਸਲਾਹ ਅਨੁਸਾਰ ਕਾਰਵਾਈ ਕਰਨਗੇੇ।
ਕਾਂਗਰਸ ਪਾਰਟੀ ਵਿਚ ਸੱਤਾ ਦੇ ਦੋ ਕੇਂਦਰ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਅਤੇ ਉਹ ਮੁੱਖ ਮੰਤਰੀ ਵਜੋਂ ਦੋ ਵੱਖ ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਤਿੰਨ ਵਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ ਹਨ ਅਤੇ ਪਾਰਟੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਤੋਂ ਭਲੀ-ਭਾਂਤ ਜਾਣੂ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਅਤੇ ਪਾਰਟੀ ਦੋ ਵੱਖ ਵੱਖ ਸੰਸਥਾਵਾਂ ਹਨ ਜਿਨ੍ਹਾਂ ਦੀਆਂ ਆਪਣੀਆਂ ਭੂਮਿਕਾਵਾਂ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਦੌਰਾਨ ਨਵਜੋਤ ਸਿੱਧੂ ਵੱਲੋਂ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ, ਰਾਹੁਲ ਜਾਂ ਪ੍ਰਿਯੰਕਾ ਗਾਂਧੀ ਦੇ ਨਾਮ ਦਾ ਜ਼ਿਕਰ ਨਾ ਕੀਤੇ ਜਾਣ ਬਾਰੇ ਪੁੱਛਣ `ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਾਇਦ ਹੀ ਕੋਈ ਮੁੱਦਾ ਹੈ ਅਤੇ ਉਹਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਸਿੱਧੂ ਵੱਲੋਂ ਪਾਰਟੀ ਆਗੂਆਂ ਅਤੇ ਵਿਧਾਇਕਾਂ ਨਾਲ ਲਗਾਤਾਰ ਮੀਟਿੰਗਾਂ ਬਾਰੇ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਫਰਜ਼ ਬਣਦਾ ਹੈ ਕਿ ਉਹ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰੇ,ਜੋ ਕਿ ਪਾਰਟੀ ਦੇ ਕਾਰਜਕਰਤਾਵਾਂ ਨਾਲ ਨੇੜਿਓਂ ਤਾਲਮੇਲ ਰੱਖ ਕੇ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਛੇ ਮਹੀਨੇ ਬਾਕੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਇੱਛਾਵਾਂ `ਤੇ ਖਰਾ ਉਤਰਨ ਦਾ ਯਤਨ ਕਰੇਗੀ ਜਦੋਂ ਕਿ ਪਾਰਟੀ ਪ੍ਰਧਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਨੂੰ ਰਾਜਨੀਤਿਕ ਖੇਤਰ ਵਿੱਚ ਅੱਗੇ ਲੈ ਕੇ ਜਾਣ।
ਆਗਾਮੀ ਵਿਧਾਨ ਸਭਾ ਚੋਣਾਂ ਦੀ ਰੂਪ-ਰੇਖਾ ਬਾਰੇ ਪੁੱਛੇ ਜਾਣ `ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਚੋਣ ਵਾਅਦਿਆਂ ਵਿੱਚੋਂ 93 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਛੇਤੀ ਹੀ ਇਹ 95 ਫੀਸਦ ਤੱਕ ਹੋ ਜਾਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿੱਚ ਚੰਦਰ ਬਾਬੂ ਨਾਇਡੂ ਦੀ ਸਰਕਾਰ ਨੇ 83 ਫੀਸਦ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਰਿਕਾਰਡ ਕਾਇਮ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਕੀ ਬਚੇ ਵਾਅਦਿਆਂ ਵਿੱਚੋਂ 5 ਫੀਸਦੀ ਸਿਰਫ ਜੀਐਸਟੀ ਪ੍ਰਣਾਲੀ ਕਰਕੇ ਰਹਿੰਦੇ ਹਨ ਕਿਉਂਕਿ ਜਦੋਂ ਉਨ੍ਹਾਂ ਦੀ ਪਾਰਟੀ ਨੇ ਮੈਨੀਫੈਸਟੋ ਤਿਆਰ ਕੀਤਾ ਸੀ ਤਾਂ ਉਦੋਂ ਵੈਟ ਪ੍ਰਣਾਲੀ ਸੀ ਨਾ ਕਿ ਜੀ.ਐਸ.ਟੀ. ਪ੍ਰਣਾਲੀ।
ਖੜਗੇ ਕਮੇਟੀ ਵੱਲੋਂ ਦਿੱਤੇ 18 ਨੁਕਾਤੀ ਏਜੰਡੇ ਦੇ ਮੁੱਦੇ `ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਕੁਝ ਭੰਬਲਭੂਸਾ ਸੀ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਇਸ ਏਜੰਡੇ ਦੇ ਕਈ ਨੁਕਤਿਆਂ ਨੂੰ ਲਾਗੂ ਕਰ ਦਿੱਤਾ ਹੈ ਅਤੇ ਬਾਕੀ ਵੀ ਜਲਦੀ ਹੀ ਪੂਰੇ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਖੜਗੇ ਨੂੰ ਮੀਟਿੰਗ ਵਿੱਚ ਇਸ ਬਾਰੇ ਦੱਸ ਚੁੱਕੇ ਹਨ।
ਕੈਬਨਿਟ ਵਿੱਚ ਤੁਰੰਤ ਫੇਰਬਦਲ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਕਿਹਾ ਕਿ ਉਹ ਆਪਣੀ ਦਿੱਲੀ ਫੇਰੀ ਦੌਰਾਨ ਇਸ ਮੁੱਦੇ ਨੂੰ ਪਾਰਟੀ ਹਾਈ ਕਮਾਂਡ ਨਾਲ ਜ਼ਰੂਰ ਵਿਚਾਰਨਗੇ।