ਸਮੇਂ ਸਿਰ ਤਨਖਾਹਾਂ ਨਾ ਮਿਲਣ ‘ਤੇ ਰੋਡਵੇਜ਼ ਮੁਲਾਜ਼ਮਾਂ ਨੇ 2 ਘੰਟਿਆਂ ਲਈ ਬੱਸ ਅੱਡੇ ਕੀਤੇ ਬੰਦ
ਚੰਡੀਗੜ੍ਹ,13 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ‘ਚ ਪਿਛਲੇ ਕੁਝ ਮਹੀਨਿਆਂ ਤੋਂ ਹਰ ਮਹੀਨੇ ਰੋਡਵੇਜ਼ ਮੁਲਾਜ਼ਮ ਜਦੋਂ ਬੱਸਾਂ ਤੋਂ ਉਤਰ ਕੇ ਸੜਕਾਂ ‘ਤੇ ਬੈਠ ਜਾਂਦੇ ਹਨ ਤਾਂ ਹੀ ਉਨ੍ਹਾਂ ਨੂੰ ਮੁੱਖ ਦਫਤਰ ਤਨਖਾਹ ਮਿਲਦੀ ਹੈ। ਅਜਿਹਾ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ। ਹਰ ਵਾਰ ਮੁਲਾਜ਼ਮਾਂ ਨੂੰ ਤਨਖਾਹ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅੱਜ ਵੀ ਪੀਆਰਟੀਸੀ,ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋ ਫਿਰ ਤੋਂ ਇੱਕ ਵਾਰ ਬੱਸ ਸਟੈਂਡਾਂ ਤੇ ਹੀ ਸਰਕਾਰੀ ਬੱਸਾਂ ਨੂੰ 2 ਘੰਟਿਆਂ ਲਈ ਬੰਦ ਕੀਤਾ ਗਿਆ । ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਨਖਾਹ ਹਰ ਮਹੀਨੇ ਲੇਟ ਦਿੱਤੀ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਦੋ ਘੰਟੇ ਵਾਸਤੇ ਸਰਕਾਰੀ ਬੱਸਾਂ ਨੂੰ ਬੰਦ ਕਰਨਾ ਪਿਆ। ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ 2 ਘੰਟੇ ਬੱਸਾਂ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੰਨੇ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇਣ ਦੇ ਬਾਵਜੂਦ ਨਾ ਤਾਂ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰ ਰਹੀ ਹੈ ਅਤੇ ਨਾ ਹੀ ਸਮੇਂ ਸਿਰ ਤਨਖਾਹਾਂ ਦੇ ਰਹੀ ਹੈ। ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬੱਚਿਆਂ ਦੀ ਫੀਸ ਤੋਂ ਲੈ ਕੇ ਘਰਾਂ ਵਿੱਚ ਹੋਰ ਖਰਚੇ ਕਰਨੇ ਔਖੇ ਹੋ ਗਏ ਹਨ।
ਰੋਡਵੇਜ਼ ਕਰਮਚਾਰੀ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਵੀ ਰੈਗੂਲਰ ਕਰੇ ਅਤੇ ਉਨ੍ਹਾਂ ਦੀ ਤਨਖਾਹ ਦਾ ਪ੍ਰਬੰਧ ਕਰੇ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਸਮੱਸਿਆਵਾਂ ਦਾ ਹੱਲ ਨਾ ਹੋਣ ‘ਤੇ ਸੰਘਰਸ਼ ਹੋਰ ਤੇਜ ਕਰਨ ਦੀ ਗੱਲ ਵੀ ਕਹੀ ਹੈ।