ਕੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਣ ‘ਚ ਕਾਮਯਾਬ ਹੋਵੇਗੀ ‘ਆਪ’ ਦੀ ਸਰਕਾਰ?
ਚੰਡੀਗੜ੍ਹ,15 ਮਾਰਚ(ਬਰਿੰਦਰ ਪਨੂੰ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮਨੋਨਿਤ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਨੂੰ ਬਸੰਤੀ ਰੰਗ ਦੇਣ ਲਈ ਭਗਵੰਤ ਮਾਨ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਉਹਨਾਂ ਵੱਲੋਂ ਬਾਕਾਇਦਾ ਪਹਿਲਾਂ ਸ਼ੋਸ਼ਲ ਮੀਡੀਆ ਰਾਹੀਂ ਅਤੇ ਫਿਰ ਅੱਜ ਪੰਜਾਬ ਦੇ ਲਗਭਗ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਮੁੱਚੇ ਪੰਜਾਬ ਵਾਸੀਆਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਤੇ ਸਿਰਾਂ ਤੇ ਬਸੰਤੀ ਚੁੰਨੀਆਂ ਲੈ ਕੇ ਖਟਕੜ ਕਲਾਂ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪੰਡਾਲ ਵੀ ਬਸੰਤੀ ਰੰਗ ਦਾ ਸਜਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਹੁੰ ਚੁੱਕ ਸਮਾਗਮ ਲਈ ਪਹਿਲਾਂ 15 ਏਕੜ ਵਿੱਚ ਪੰਡਾਲ ਲਗਾਏ ਜਾਣ ਦੀ ਤਿਆਰੀ ਕੀਤੀ ਗਈ ਸੀ। ਪਰ,ਹੁਣ ਪੰਡਾਲ ਦਾ ਸਾਇਜ਼ ਵਧਦਾ ਵਧਦਾ ਲਗਭਗ 150 ਏਕੜ ਹੋ ਗਿਆ ਹੈ। ਹੋਰ ਖਬਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨੇ 150 ਏਕੜ ਵਿੱਚੋਂ ਕਣਕ ਦੀ ਲਗਭਗ ਤਿਆਰ ਖੜੀ ਫਸਲ ਵਢਾ ਦਿੱਤੀ ਹੈ ਤਾਂ ਜੋ ਸਹੁੰ ਚੁੱਕ ਸਮਾਗਮ ਵਿੱਚ ਆਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਸੁਰੱਖਿਆ ਦੇ ਪ੍ਰਬੰਧ ਵੀ ਪੁਖਤਾ ਕੀਤੇ ਗਏ ਹਨ। ਪੰਜਾਬ ਪੁਲਿਸ ਦੇ 6ਆਈਜੀ ਅਤੇ 10 ਐਸਐਸਪੀ ਸਮੇਤ ਹੋਰ ਵੀ ਕਈ ਵੱਡੇ ਅਧਿਕਾਰੀ ਸਮਾਗਮ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ।
ਸਮਾਗਮ ਵਿੱਚ 2 ਲੱਖ ਤੋਂ ਵੱਧ ਲੋਕਾਂ ਦੇ ਸ਼ਿਰਕਤ ਕਰਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ । ਭਗਤ ਸਿੰਘ ਦੇ ਪਿੰਡ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੀ ਪਹਿਲੀ ਵਾਰ ਹੋਵੇਗਾ।
ਸਹੁੰ ਚੁੱਕ ਸਮਾਗਮ ਤੋਂ ਹਟਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਸਵਾਲ ਕਰਨਾ ਵੀ ਬਣਦਾ ਹੈ ਕਿ “ਕੀ ਆਮ ਆਦਮੀ ਪਾਰਟੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਵਿੱਚ ਕਾਮਯਾਬ ਹੋਵੇਗੀ“? ਜਦੋਂ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਤਾਂ ਉਹਨਾਂ ਦੇ ਖਿਆਲ ਵੀ ਨਹੀਂ ਹੋਣਾਂ ਕਿ ਆਜ਼ਾਦੀ ਤੋਂ ਬਾਅਦ ਉਹਨਾਂ ਦੇ ਆਪਣੇ ਜੱਦੀ ਪਿੰਡ ਦੇ ਨਾਲ ਨਾਲ ਸਮੁੱਚੇ ਪੰਜਾਬ ਦੀ ਅੱਧੀ ਨੌਜੁਆਨੀ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਵੇਗੀ। ਅਜਿਹੇ ਵਿੱਚ ਰਵਾਇਤੀ ਪਾਰਟੀਆਂ ਨੂੰ ਲਾਂਬੇ ਕਰਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੁਣਾਇਆ ਹੋਇਆ ਪੰਜਾਬ ਦੇ ਲੋਕਾਂ ਦਾ ਇਤਿਹਾਸਕ ਫ਼ਤਵਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਨੌਜੁਆਨਾਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ, ਪੰਜਾਬ ਵਿੱਚੋਂ ਨਸ਼ੇ ਅਤੇ ਮਾਫੀਆ ਰਾਜ ਨੂੰ ਖਤਮ ਕਰਨ,ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ,ਪੰਜਾਬ ਦੀਆਂ ਔਰਤਾਂ ਦੇ ਸਸ਼ਕਤੀਕਰਨ ਕਰਨ, ਪੰਜਾਬ ਦੇ ਹਰ ਵਰਗ ਦੇ ਬੱਚਿਆਂ ਨੂੰ ਮੁਫਤ ਤੇ ਉੱਤਮ ਸਿੱਖਿਆ ਦੇਣ ਅਤੇ ਪੰਜਾਬ ਵਾਸੀਆਂ ਨੂੰ ਉੱਤਮ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਦੇ ਜੋ ਵਾਅਦੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨਾਲ ਕੀਤੇ ਹਨ,ਲੋਕ ਉਹਨਾਂ ਨੂੰ ਪੂਰਾ ਹੁੰਦੇ ਹੋਏ ਦੇਖਣਾ ਚਾਹੁੰਦੇ ਹਨ।