ਸਭਿਆਚਾਰਕ,ਧਾਰਮਿਕ ਸਮਾਗਮਾਂ/ ਮੇਲਿਆਂ ਦੌਰਾਨ ਝੂਲੇ ਲਾਉਣ ਲਈ ਪ੍ਰਸ਼ਾਸਨ ਤੋਂ ਅਗਾਊਂ ਪ੍ਰਵਾਨਗੀ ਲਾਜਮੀ
ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮਰਾ ਨੰਬਰ 22 ਤੋਂ ਮਿਲੇਗੀ ਮਨਜੂਰੀ
ਬਿਨ੍ਹਾਂ ਪ੍ਰਵਾਨਗੀ ਝੂਲੇ ਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ: ਜਸਪ੍ਰੀਤ ਸਿੰਘ
ਜਲੰਧਰ, 07 ਸਤੰਬਰ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਸਭਿਆਚਾਰਕ ਅਤੇ ਧਾਰਮਿਕ ਸਮਾਗਮਾਂ/ਮੇਲਿਆਂ ਦੌਰਾਨ ਕਿਸੇ ਵਿਅਕਤੀ/ਕੰਪਨੀ ਵਲੋਂ ਝੂਲੇ ਲਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਾਊਂ ਪ੍ਰਵਾਨਗੀ ਨੂੰ ਲਾਜਮੀ ਕੀਤਾ ਹੈ। ਝੂਲੇ ਲਾਉਣ ਵਾਲੇ ਵਿਅਕਤੀ/ਕੰਪਨੀ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਫੁਟਕਲ ਸ਼ਾਖਾ ਦੇ ਕਮਰਾ ਨੰਬਰ 22 ਤੋਂ ਮਨਜੂਰੀ ਲੈ ਸਕਣਗੇ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਵੱਖ-ਵੱਖ ਸਭਿਆਚਾਰਕ ਅਤੇ ਧਾਰਮਿਕ ਸਮਾਗਮਾਂ/ਮੇਲਿਆਂ ਦੌਰਾਨ ਬਹੁਤ ਸਾਰੇ ਵਿਅਕਤੀਆਂ/ਕੰਪਨੀਆਂ ਵੱਲੋ ਝੂਲੇ ਲਗਾਏ ਜਾਂਦੇ ਹਨ ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਨਹੀ ਲਈ ਜਾਂਦੀ ਅਤੇ ਨਾ ਹੀ ਸੁਰੱਖਿਆ ਸਬੰਧੀ ਕੋਈ ਠੋਸ ਕਦਮ ਚੁੱਕੇ ਜਾਂਦੇ ਹਨ ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜੂਰੀ ਤੋਂ ਬਿਨ੍ਹਾ ਝੂਲੇ ਲਾਉਣ ਵਾਲੇ ਵਿਅਕਤੀਆਂ/ਕੰਪਨੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।