ਸਫ਼ਾਈ ਵਿਵਸਥਾ ਨਗਰ ਕੌਂਸਲ ਦੇ ਮੁਢਲੇ ਕੰਮਾਂ ਵਿੱਚ ਸ਼ਾਮਲ – ਪ੍ਰਧਾਨ ਵਿਜੈ ਸਿੰਗਲਾ
ਪਹਿਲੀ ਮਾਰਚ ਤੱਕ ਹਟਾ ਦਿੱਤੇ ਜਾਣਗੇ ਸ਼ਹਿਰ ਵਿੱਚੋ ਕੂੜੇ ਦੇ ਡੰਪ
ਮਾਨਸਾ, 23 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਸਫ਼ਾਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਨਗਰ ਕੌਂਸਲ ਮਾਨਸਾ ਨੇ ਪ੍ਰਧਾਨ ਵਿਜੇ ਸਿੰਗਲਾ ਦੀ ਅਗਵਾਈ ਵਿੱਚ ਗਾਂਧੀ ਸਕੂਲ ਦੇ ਨਾਮ ਤੇ ਕੂੜਾ ਡੰਪ ਤੋਂ ਮੁੜ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਤਰ੍ਹਾਂ ਇਹ ਮੁਹਿੰਮ ਹਰ ਵਾਰਡ ਵਿੱਚ ਚੱਲੇਗੀ ਅਤੇ ਸਫਾਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਵੀਰਵਾਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਸਿੰਗਲਾ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂ ਕੌਂਸਲਰ ਰਾਮਪਾਲ ਸਿੰਘ ਅਤੇ ਅਜੀਤ ਸਿੰਘ ਗਾਂਧੀ ਸਕੂਲ ਕੋਲੋਂ ਇਸ ਮੁਹਿੰਮ ਦਾ ਆਰੰਭ ਕਰਾਇਆ। ਪ੍ਰਧਾਨ ਵਿਜੇ ਸਿੰਗਲਾ ਨੇ ਦੱਸਿਆ ਕਿ ਪਹਿਲੀ ਮਾਰਚ ਤੱਕ ਸ਼ਹਿਰ ਵਿੱਚੋਂ 5 ਕੂੜੇ ਦੇ ਵੱਡੇ ਡੰਪ ਖਤਮ ਕਰ ਦਿੱਤੇ ਜਾਣਗੇ। ਅਤੇ ਅੱਗੇ ਤੋਂ ਇਨ੍ਹਾਂ ਥਾਵਾਂ ਉੱਪਰ ਕੂੜੇ ਦੇ ਡੰਪ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੇ ਡੰਪ ਲੱਗਣੇ ਅਤੇ ਉਸ ਬੂਟੇ ਨੂੰ ਲਾਵਾਰਸ ਪਸ਼ੂਆਂ ਵੱਲੋਂ ਖਿਲਾਰ ਦੇਣ ਕਾਰਨ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਹੀ ਕੂੜੇ ਦੇ ਡੰਪ ਹਟਾ ਕੇ ਹਰ ਵੇਲੇ ਸਫਾਈ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੜਾਅ- ਦਰ- ਪੜਾਅ ਹਰ ਵਾਰਡ ਅੰਦਰ ਇਹ ਮੁਹਿੰਮ ਪਹੁੰਚੇਗੀ। ਕੂੜੇ ਦੀ ਸਫਾਈ ਅਤੇ ਲੋਕਾਂ ਦੀਆਂ ਕੂੜੇ ਅਤੇ ਸਫਾਈ ਸਬੰਧੀ ਸ਼ਿਕਾਇਤਾਂ ਸੁਣਕੇ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਟੀਮਾਂ ਬਣਾ ਕੇ ਪੂਰੇ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਪੂਰਨ ਤੌਰ ਤੇ ਹਰ ਦਿਨ ਯਕੀਨੀ ਬਣਾਈ ਜਾਵੇਗੀ। ਨਗਰ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਦੱਸਿਆ ਕਿ ਸਫ਼ਾਈ ਨਗਰ ਕੌਂਸਲ ਦੀ ਕਾਰਗੁਜ਼ਾਰੀ ਦਾ ਮੁਢਲਾ ਪੜਾਅ ਹੈ ਅਤੇ ਪ੍ਰਤੀ ਦਿਨ ਨਗਰ ਕੌਂਸਲ ਸ਼ਹਿਰ ਨੂੰ ਸੋਹਣਾ ਅਤੇ ਵਿਕਾਸ ਦੇ ਲਈ ਕਦਮ ਚੁੱਕੇਗੀ। ਜਿਸ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।