ਸਫ਼ਲ ਜ਼ਿੰਦਗੀ ਦਾ ਸਿਰਨਾਵਾਂ ਸਨ ਬਾਪੂ ਕਰਤਾਰ ਸਿੰਘ ਗਰੇਵਾਲ ਪਿੰਡ (ਦਾਦ) ਵਾਲੇ
ਕਰਤਾਰ ਸਿੰਘ ਨਮਿਤ ਪਾਠ ਦਾ ਭੋਗ 1ਅਕਤੂਬਰ ਨੂੰ
ਸਦੀਵੀ ਕਹਿ ਗਏ ਅਲਵਿਦਾ! ਸਰਪੰਚ ਸਾਹਿਬ ਸਃ ਕਰਤਾਰ ਸਿੰਘ ਗਰੇਵਾਲ ਪਿੰਡ ਦਾਦ (ਲੁਧਿਆਣਾ) ਸਫ਼ਲ ਜ਼ਿੰਦਗੀ ਦਾ ਸਿਰਨਾਵਾਂ ਸਨ। ਵਿਕਸਤ ਖੇਤੀਬਾੜੀ ਤੋਂ ਸਫ਼ਰ ਆਰੰਭਿਆ ਸੀ ਉਨ੍ਹਾਂ। ਵਪਾਰ ਕਾਰੋਬਾਰ ਤੇ ਆਪਣੀ ਜ਼ਮੀਨ ਨੂੰ ਸ਼ਹਿਰੀ ਆਵਾਸ ਵਿੱਚ ਤਬਦੀਲ ਕਰਕੇ ਉਨ੍ਹਾਂ ਨੇ ਪੇਂਡੂ ਭਾਈਚਾਰੇ ਨੂੰ ਆਪਣੇ ਪੈਰੀਂ ਖੜ੍ਹਾ ਹੋਣ ਦੀ ਜੀਵਨ ਜਾਚ ਸਿਖਾਈ।
ਪਿੰਡ ਦਾਦ ਦੇ ਹੱਸਦੇ ਵੱਸਦੇ ਖ਼ੁਸ਼ਹਾਲ ਗਰੇਵਾਲ ਪਰਿਵਾਰ ਦੀ ਫੁਲਵਾੜੀ ਦੇ ਮਾਲਕ ਸਨ ਬਾਪੂ ਕਰਤਾਰ ਸਿੰਘ ਦਾਦ ਸਾਬਕਾ ਸਰਪੰਚ।
ਸਃ ਕਰਤਾਰ ਸਿੰਘ ਗਰੇਵਾਲ ਨੇ ( ਦਾਦ )1934 ਵਿਚ ਸ.ਤੇਜਾ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖੋਂ ਜਨਮ ਲਿਆ। ਉਹ ਲੁਧਿਆਣਾ ਦੀ ਨਹੀਂ ਸਗੋਂ ਮਾਲਵੇ ਦੀ ਵਿਕਾਸਮੁਖੀ ਸ਼ਖਸੀਅਤ ਵਜੋਂ ਵਿਚਰ ਰਹੇ ਸਨ।
ਬਾਪੂ ਕਰਤਾਰ ਸਿੰਘ ਗਰੇਵਾਲ ਨੇ ਸਾਰੀ ਜ਼ਿੰਦਗੀ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਵੇਖੇ। ਉਨ੍ਹਾਂ ਦੀ ਵੱਡੇ ਵੱਡੇ ਸਿਆਸੀ ਨੇਤਾਵਾਂ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਨੇੜਲੇ ਪਰਿਵਾਰਕ ਰਿਸ਼ਤੇ ਹਨ। ਵੱਡੇ ਲੋਕਾਂ ਦੀ ਦੋਸਤੀ ਦੇ ਨਾਲ ਨਾਲ ਇਲਾਕੇ ਦੇ ਗਰੀਬਾਂ ਦੇ ਵੀ ਮਸੀਹਾ ਸਨ। ਘਰ ਦੇ ਨੌਕਰਾਂ ਨੂੰ ਵੀ ਬੱਚਿਆਂ ਵਾਂਗ ਸੰਭਾਲਦੇ।
1950 ਵਿਚ ਬਾਪੂ ਕਰਤਾਰ ਸਿੰਘ ਦਾਦ ਦਾ ਵਿਆਹ ਸਾਹਨੇਵਾਲ ਦੀ ਬੀਬੀ ਗੁਰਚਰਨ ਕੌਰ (ਸਪੁੱਤਰੀ ਸਃ ਹਜਾਰਾ ਸਿੰਘ ਤੇ ਮਾਤਾ ਗੁਰਦਿਆਲ ਕੌਰ ) ਨਾਲ ਹੋਇਆ।
ਜ਼ਿੰਦਗੀ ਦੀ ਡੋਰ ਮਾਤਾ ਗੁਰਚਰਨ ਕੌਰ ਨਾਲ ਜੁੜ ਜਾਣ ਉਪਰੰਤ ਆਪ ਦੇ ਘਰ 6 ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਦੋ ਬੇਟੇ ਚੜ੍ਹਦੀ ਉਮਰੇ ਹੀ ਵਿਛੋੜਾ ਦੇ ਗਏ ਪਰ ਚਾਰ ਪੁੱਤਰਾਂ ਜਿਨ੍ਹਾਂ ਵਿਚ ਸ. ਦਲਵਿੰਦਰ ਸਿੰਘ ਗਰੇਵਾਲ (ਜੱਗਾ)ਜੋ ਸਭ ਤੋਂ ਵੱਡਾ ਸੀ, ਉਹ ਚੜ੍ਹਦੀ ਉਮਰੇ ਕਹਿਰ ਦੀ ਮੌਤ ਕਾਰਨ ਰੱਬ ਨੂੰ ਪਿਆਰਾ ਹੋ ਗਿਆ। ਉਹ ਬੇਹੱਦ ਹਿੰਮਤੀ ਵੀਰ ਸੀ ਜਿਸਦੇ ਜਾਣ ਨਾਲ ਪਰਿਵਾਰ ਤੇ ਇਕ ਪਹਾੜ ਜਿੱਡਾ ਦੁੱਖ ਢਹਿ ਪਿਆ।
ਗੁਰੂ ਦੇ ਭਾਣੇ ਅੰਦਰ ਰਹਿ ਕੇ ਬਾਪੂ ਕਰਤਾਰ ਸਿੰਘ ਗਰੇਵਾਲ ਨੇ ਅਡੋਲ ਰਹਿ ਕੇ ਇਸ ਦੁੱਖ ਨੂੰ ਸਹਾਰਿਆ।
ਹਾਲਾਤ ਨਾਲ ਡਟ ਕੇ ਟਾਕਰਾ ਕੀਤਾ ਅਤੇ ਪਰਿਵਾਰ ਨੂੰ ਮਜਬੂਤ ਲੜੀ ਵਿਚ ਪਰੋ ਕੇ ਰੱਖਿਆ।
ਆਪ ਨੇ ਆਪਣੇ ਤਿੰਨ ਪੁੱਤਰਾਂ ਜਗਦੀਸ਼ਪਾਲ ਸਿੰਘ ਗਰੇਵਾਲ ਵਰਤਮਾਨ ਸਮੇਂ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਸਰਪੰਚ ,ਹਰਭਜਨ ਸਿੰਘ, ਜਸਵਿੰਦਰ ਸਿੰਘ ਨੂੰ ਚੰਗੇ ਸੰਸਕਾਰ ਦੇ ਕੇ ਪਾਲਿਆ ਤੇ ਸੰਭਾਲਿਆ।
ਸਾਰੇ ਪੁੱਤਰਾਂ ਨੂੰ ਚੰਗੇ ਘਰਾਂ ਵਿਚ ਵਿਆਹ ਕੇ ਸਮੇਂ ਦੇ ਹਾਣੀ ਬਣਾ ਕੇ ਵੰਨ ਸੁਵੰਨੇ ਵੱਡੇ ਕਾਰੋਬਾਰਾਂ ਦੇ ਨਾਲ ਸਮਾਜ ਵਿਚ ਵਿਚਰਨਾ ਵੀ ਸਿਖਾਇਆ। ਪਿੰਡ ਦਾਦ ਦੀ ਸਰਪੰਚੀ ਕਰਦੇ ਪਹਿਲਾਂ ਆਪ ਨੇ ਵੱਡੇ-ਵੱਡੇ ਵਿਕਾਸ ਕਾਰਜ ਕਰਵਾਏ ਜੋ ਮੂੰਹੋਂ ਬੋਲ ਰਹੇ ਹਨ। ਆਪਣੇ ਪੁੱਤਰ ਜਗਦੀਸ਼ਪਾਲ ਸਿੰਘ ਗਰੇਵਾਲ ਨੂੰ ਵੀ ਇਹੀ ਸੇਧ ਦਿੱਤੀ ਕਿ ਪਿੰਢ ਵਿੱਚ ਧੜੇਬੰਦੀ ਨਹੀਂ ਬਣਨ ਦੇਣੀ। ਸਭ ਦਾ ਸਾਥ ਲੈ ਕੇ ਸਭ ਦਾ ਵਿਕਾਸ ਕਰਨਾ ਹੈ। ਗਹੀਬ ਗੁਰਬੇ ਦਾ ਹੌਕਾ ਨਹੀਂ ਲੈਣਾ। ਸਭ ਤੋਂ ਪਹਿਲਾਂ ਉਨ੍ਹਾਂ ਦਾ ਖ਼ਿਆਲ ਕਰਨਾ ਹੈ। ਪੂਰੇ ਪਿੰਡ ਵਿੱਚ ਕਰੋੜਾਂ ਰੁਪਏ ਖ਼ਰਚ ਕੇ ਸੀਵਰੇਜ ਪੁਆਇਆ। ਛੱਪੜ ਪੂਰ ਕੇ ਪਾਰਕ ਵਿਕਸਤ ਕੀਤੇ ਹਨ। ਬਾਪੂ ਕਰਤਾਰ ਸਿੰਘ ਦੀਦ ਦੀ ਪ੍ਰੇਰਨਾ ਸਦਕਾ ਹੀ ਪਿੰਡ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਪਾਰਕ ਦੀ ਬਹੁਤ ਹੀ ਸੁੰਦਰ ਉਸਾਰੀ ਕਰਵਾਈ ਹੈ। ਪਿੰਡ ਦੇ ਸਕੂਲ ਦਾ ਕਾਇਆ ਕਲਪ ਕੀਤਾ ਹੈ। ਹਰ ਮੋੜ ਤੇ ਬਾਪੂ ਕਰਤਾਰ ਸਿੰਘ ਸਮਾਜਿਕ ਭਲੇ ਦਾ ਸਬਕ ਦੇਂਦੇ।
ਆਪ ਇਲਾਕੇ ਦੀ ਸ਼ਾਨ,ਸਮਰੱਥ ਆਗੂ ,ਲੋਕਾਂ ਦੇ ਮਸੀਹਾ, ਹਰ ਇਕ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨ ਵਾਲੇ ਕੱਦਾਵਰ ਆਗੂ ਵਜੋਂ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਸਨ।
ਆਪ ਨੇ ਧਾਰਮਿਕ ਅਸਥਾਨਾਂ, ਵਿੱਦਿਅਕ ਅਦਾਰਿਆਂ ਨੂੰ ਦਿਲ ਖੋਲ੍ਹ ਕੇ ਆਰਥਿਕ ਦਾਨ ਦਿੱਤਾ। ਆਪ ਦੀ ਵੱਡੇ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨਾਲ ਨੇੜਤਾ ਤੇ ਰਿਸ਼ਤੇਦਾਰੀ ਕਿਸੇ ਤੋਂ ਲੁਕੀ ਛੁਪੀ ਨਹੀਂ ਜਿਸ ਦੇ ਚਲਦੇ ਆਪ ਦਾ ਬੇਟਾ ਜਗਦੀਸ਼ ਪਾਲ ਸਿੰਘ ਗਰੇਵਾਲ ਅੱਜ ਕੱਲ ਦਾਦ ਪਿੰਡ ਦਾ ਵਿਕਾਸ ਪੁਰਸ਼ ਸਰਪੰਚ ਵਜੋਂ ਨਾਮਣਾ ਖੱਟ ਰਿਹਾ ਹੈ।
ਬਾਪੂ ਜੀ ਕਰਤਾਰ ਸਿੰਘ ਗਰੇਵਾਲ ਨੇ ਆਪਣੀਆਂ ਪੋਤਰੇ ਤੇ ਪੋਤਰੀਆਂ ਦੇ ਵਿਆਹ ਵੀ ਪੰਜਾਬ ਦੇ ਵੱਡੇ ਸਿਆਸੀ ਜਾਂ ਕਾਰੋਬਾਰੀ ਘਰਾਣਿਆਂ ਵਿਚ ਕੀਤੇ ਜਿਨ੍ਹਾਂ ਵਿਚ ਭਰਤਇੰਦਰ ਸਿੰਘ ਚਾਹਲ (ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਲਾਹਕਾਰ),ਸਃ ਹਰਮਿੰਦਰ ਸਿੰਘ ਜੱਸੀ ਸਾਬਕਾ ਸਹਿਕਾਰਤਾ ਮੰਤਰੀ ਪੰਜਾਬ,ਪ੍ਰਸਿੱਧ ਕਾਰੋਬਾਰੀ ਰਜਿੰਦਰ ਸਿੰਘ ਢਿੱਲੋਂ ਸਮਰਾਲਾ,ਪੋਲਟਰੀ ਕਿੰਗ ਸਃ ਇੰਦਰਜੀਤ ਸਿੰਘ ਕੰਗ ਸਮਰਾਲਾ ਤੇ ਸਃ ਅਮਰੀਕ ਸਿੰਘ ਆਲੀਵਾਲ ਸਾਬਕਾ ਐੱਮ ਪੀ ਪਰਿਵਾਰ ਆਪ ਦਾ ਹੀ ਵਿਸ਼ਾਲ ਪਰਿਵਾਰ ਹੈ। ਬਾਪੂ ਕਰਤਾਰ ਸਿੰਘ ਦੇ ਤਿੰਨੇ ਪੁੱਤਰ ਜਗਦੀਸ਼ਪਾਲ ਸਿੰਘ, ਜਸਵਿੰਦਰ ਸਿੰਘ ਤੇ ਹਰਭਜਨ ਸਿੰਘ ਅੱਜ ਵੀ ਆਪਣੇ ਮਾਪਿਆਂ ਦੀ ਸਿੱਖਿਆ ਮੁਤਾਬਕ ਸਾਂਝੀ ਬੁੱਕਲ ਦਾ ਨਿੱਘ ਮਾਣ ਰਹੇ ਹਨ। ਬਾਪੂ ਕਰਤਾਰ ਸਿੰਘ ਦਾਦ ਦੀ ਮੁਹੱਬਤ ਦਾ ਹੀ ਪ੍ਰਤਾਪ ਸੀ ਕਿ ਪੰਜਾਬ ਦੇ ਸਾਬਕਾ ਡੀ ਜੀ ਪੀ ਡੀ ਆਰ ਭੱਟੀ ਉਨ੍ਹਾਂ ਦੇ ਧਰਮ ਪੁੱਤਰ ਬਣ ਕੇ ਅੱਜ ਤੀਕ ਨਿਭੇ ਹਨ। ਸਃ ਕਰਤਾਰ ਸਿੰਘ ਦਾਦ ਆਪਣੇ ਪਿੱਛੇ ਉਹ ਬਹੁਤ ਸਾਰੀਆਂ ਯਾਦਾਂ ਛੱਡ ਗਏ ਹਨ।
ਉਨ੍ਹਾਂ ਦੇ ਜਾਣ ਤੇ ਪ੍ਰੋਃ ਮੋਹਨ ਸਿੰਘਲਦੇ ਬੋਲ ਯਾਦ ਆ ਰਹੇ ਨੇ
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਪਹਿਲੀ ਅਕਤੂਬਰ ਦਿਨ ਐਤਵਾਰ ਨੂੰ ਉਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਦਾਦ, ਪੱਖੋਵਾਲ ਰੋਡ, ਲੁਧਿਆਣਾ ਵਿਖੇ 12 ਵਜੇ ਤੋਂ ਇੱਕ ਵਜੇ ਦੁਪਹਿਰ ਤੀਕ ਹੋਵੇਗੀ।