ਸਨੌਰ ਹਲਕੇ ਦੇ ਲੋਕ ਇਤਿਹਾਸ ਰਚਣ ਦੇ ਮੂਡ ‘ਚ – ਬਿਕਰਮ ਚਹਿਲ
ਲੋਕਾਂ ਨੂੰ ਬਿਨ੍ਹਾਂ ਕਿਸੇ ਡਰ,ਦਬਾਅ ਜਾਂ ਲਾਲਚ ਤੋਂ ਵੋਟ ਪਾਉਣ ਦੀ ਕੀਤੀ ਅਪੀਲ
ਸਨੌਰ,19 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ ਹੋ ਚੁੱਕਾ ਹੈ । ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਆਪ ਹੀ ਸੰਭਾਲਿਆ ਹੋਇਆ ਸੀ। ਜਿਸ ਦੇ ਨਤੀਜੇ ਵਜੋਂ ਉਹ ਆਪਣੀ ਲੋਕ ਸੇਵਾ ਦੀ ਭਾਵਨਾ ਨੂੰ ਹਲਕੇ ਦੇ ਹਰੇਕ ਪਿੰਡ ਵਿੱਚ ਘਰ-ਘਰ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਨ।ਆਪਣੀ ਚੋਣ ਮੁਹਿੰਮ ਨੂੰ ਸਫ਼ਲ ਕਰਾਰ ਦਿੰਦਿਆਂ ਬਿਕਰਮ ਚਹਿਲ ਨੇ ਕਿਹਾ ਕਿ ਸਨੌਰ ਹਲਕੇ ਦੇ ਲੋਕ ਇਸ ਵਾਰ ਇਤਿਹਾਸ ਰਚਣ ਦੇ ਮੂਡ ਵਿੱਚ ਹਨ ਅਤੇ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।
ਇਸ ਦੇ ਨਾਲ ਹੀ ਬਿਕਰਮ ਚਹਿਲ ਨੇ ਸਨੌਰ ਹਲਕਾ ਨਿਵਾਸੀਆਂ ਦੇ ਨਾਲ ਨਾਲ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ,ਦਬਾਅ ਜਾਂ ਲਾਲਚ ਦੇ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਜਾਂ ਧੜੇਬਾਜ਼ੀ ਤੋਂ ਉਪਰ ਉੱਠ ਕੇ ਹਲਕੇ ਅਤੇ ਲੋਕਾਂ ਦੀ ਸੇਵਾ ਕਰਨ ਵਾਲਾ ਅਤੇ ਪੜ੍ਹਿਆ ਲਿਖਿਆ ਨੁੰਮਾਇਦਾ ਹੀ ਚੁਣ ਕੇ ਵਿਧਾਨ ਸਭਾ ਵਿੱਚ ਭੇਜਣ ।