ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਕਾਂਗਰਸ ਨੇ ਲੋਕਤੰਤਰ ਦਾ ਕੀਤਾ ਕਤਲ : ਹਰਪਾਲ ਸਿੰਘ ਚੀਮਾ
ਕਾਂਗਰਸ ਦੀ ਸਹਿ ’ਤੇ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ ’ਤੇ 2022 ’ਚ ਸਰਕਾਰ ਬਣਨ ਉਪਰੰਤ ਕੀਤੀ ਜਾਵੇਗੀ ਕਾਰਵਾਈ : ਹਰਪਾਲ ਚੀਮਾ
ਪੱਟੀ, ਤਰਨਤਾਰਨ, ਰਾਜਪੁਰਾ, ਫਾਜ਼ਿਲਕਾ, ਫਿਰੋਜ਼ਪੁਰ, ਅਬੋਹਰ, ਜਲਾਲਾਬਾਦ, ਸਮਾਣਾ, ਧੂਰੀ, ਭਿੱਖੀਵਿੰਡ ਸਮੇਤ ਦਰਜਨਾ ਥਾਂਵਾ ਤੇ ਕਾਂਗਰਸ ਵੱਲੋਂ ਧੱਕੇਸ਼ਾਹੀ
ਚੰਡੀਗੜ, 14 ਫਰਵਰੀ 2021(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿ ਉੱਤੇ ਕਾਂਗਰਸ ਵੱਲੋਂ ਸੂਬੇ ਭਰ ’ਚ ਕਈ ਥਾਵਾਂ ਉੱਤੇ ਬੂਥ ਕਬਜ਼ੇ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਕੀਤੇ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਤੇ ਕਾਂਗਰਸ ਵੱਲੋਂ ਅੱਜ ਪੰਜਾਬ ਭਰ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ ਅਤੇ ਹੁਣ ਲੋਕਤੰਤਰ ਦਾ ਕਤਲ ਕਰ ਰਹੇ ਹਨ, ਕੈਪਟਨ ਅਮਰਿੰਦਰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਇਹ ਸ਼ੱਕ ਪ੍ਰਗਟਾ ਰਹੀ ਸੀ ਕਿ ਕਾਂਗਰਸ ਚੋਣਾਂ ਲੁੱਟਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਮਿਲਕੇ ਚੋਣਾਂ ਵਿੱਚ ਅਰਧ ਸੈਨਿਕ ਬਲ ਤੈਨਾਤ ਕਰਨ ਸਬੰਧੀ ਵੀ ਮੰਗ ਪੱਤਰ ਦਿੱਤਾ ਸੀ। ਪ੍ਰੰਤੂ ਉਸ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਅੱਜ ਪੰਜਾਬ ਵਿਚ ਲੋਕਤੰਤਰ ਦਾ ਕਤਲ ਹੋਇਆ ਹੈ।
ਉਨਾਂ ਕਿਹਾ ਕਿ ਕਾਂਗਰਸ ਵੱਲੋਂ ਕਈ ਥਾਵਾਂ ਉੱਤੇ ‘ਆਪ’ ਵਲੰਟੀਅਰਾਂ ਉੱਤੇ ਹਮਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੱਟੀ ਵਿੱਚ ‘ਆਪ’ ਵਲੰਟੀਅਰ ਉੱਤੇ ਗੋਲੀ ਚਲਾਈ ਗਈ ਹੈ ਜਦੋਂ ਕਿ ਇਕ ਵਲੰਟੀਅਰ ਨੂੰ ਪੁਲਿਸ ਨੇ ਨਜਾਇਜ਼ ਤੌਰ ’ਤੇ ਗਿ੍ਰਫਤਾਰ ਕਰ ਲਿਆ। ਇਸੇ ਤਰਾਂ ਹੀ ਤਰਨਤਾਰਨ, ਰਾਜਪੁਰਾ, ਫਾਜ਼ਿਲਕਾ, ਫਿਰੋਜ਼ਪੁਰ, ਅਬੋਹਰ, ਜਲਾਲਾਬਾਦ, ਸਮਾਣਾ, ਧੂਰੀ, ਭਿੱਖੀਵਿੰਡ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਕਾਂਗਰਸ ਨੇ ਬੂਥ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਨਾਂ ਕਿਹਾ ਕਿ ਇਸ ਤਰਾਂ ਲੋਕਾਂ ਨੂੰ ਡਰਾ ਧਮਾਕੇ ਚੋਣਾਂ ਲੁੱਟੀਆਂ ਜਾ ਰਹੀ ਹਨ ਅਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਤੰਤਰ ਦੀ ਸਹਿ ਉੱਤੇ ਕਾਂਗਰਸੀਆਂ ਨੇ ਲੋਕਾਂ ਦੇ ਵੋਟ ਅਧਿਕਾਰ ਨੂੰ ਖੋਹਦੇ ਹੋਏ ਲੋਕਤੰਤਰ ਦਾ ਵੀ ਕਤਲ ਕੀਤਾ ਹੈ। ਉਨਾਂ ਕਿਹਾ ਕਿ ਜਿਹੜੇ ਅਫਸਰ ਅੱਜ ਕਾਂਗਰਸ ਦੀ ਸਹਿ ਉੱਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਬਜਾਏ ਕਾਂਗਰਸੀ ਵਰਕਰ ਦੇ ਤੌਰ ਉੱਤੇ ਕੰਮ ਕਰ ਰਹੇ ਹਨ, ਉਨਾਂ ਉੱਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਾਰ ਤੋਂ ਡਰਦੇ ਹੋਏ ਅੱਜ ਸਰਕਾਰੀ ਤੰਤਰ ਦੀ ਸਹਿ ਉੱਤੇ ਕਾਂਗਰਸ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਵਾਈ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਡਰਾ ਧਮਾਕਾ ਕੇ ਆਪਣੀ ਹਾਰ ਨੂੰ ਜਿੱਤ ਵਿੱਚ ਨਹੀਂ ਬਦਲ ਸਕਦੇ। ਉਨਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਉਮੀਦਵਾਰ ਚੋਣਾਂ ਜਿੱਤਣਗੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਪ੍ਰੰਤੂ ਸੱਤਾ ਦੇ ਨਸ਼ੇ ਵਿੱਚ ਸਭ ਕੁਝ ਭੁੱਲ ਗਏ। ਉਨਾਂ ਕਿਹਾ ਕਿ ਹੁਣ ਜਦੋਂ ਆਪਣੇ ਵਾਅਦੇ ਪੂਰੇ ਨਾ ਹੋਣ ਕਾਰਨ ਹਾਰ ਦਾ ਡਰ ਸਤਾਉਣ ਲੱਗਿਆ ਤਾਂ ਇਕ ਜ਼ਿੰਮੇਵਾਰ ਅਹੁਦੇ ਉੱਤੇ ਬੈਠੇ ਹੋਏ ਵੀ ਪੰਜਾਬ ਵਿੱਚ ਕਾਂਗਰਸ ਨੂੰ ਸਹਿ ਦੇ ਕੇ ਲੋਕਤੰਤਰ ਦਾ ਕਤਲ ਕਰ ਰਹੇ ਹਨ। ਉਨਾਂ ਕਿਹਾ ਕਿ 17 ਫਰਵਰੀ ਨੂੰ ਆਉਣ ਵਾਲੇ ਨਤੀਜੇ ਕਾਂਗਰਸ ਨੂੰ ਸਬਕ ਸਿਖਾਉਂਦੇ ਹੋਏ ਹਾਰ ਦਾ ਰਾਹ ਦਿਖਾਉਣਗੇ।