ਸਟੇਨਗਨ ਅਤੇ ਗੋਲੀਆਂ ਗਾਇਬ ਹੋਣ ਦੇ ਮਾਮਲੇ ਵਿੱਚ 25 ਸਾਲਾਂ ਬਾਅਦ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ
ਚੰਡੀਗੜ੍ਹ 26 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਦਿਹਾਤੀ ਪੁਲੀਸ ਨੇ 25 ਸਾਲਾਂ ਬਾਅਦ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਤਿੰਨ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਟੇਨ ਗੰਨ ਅਤੇ 20 ਰੌਂਦ ਗੋਲਾ-ਬਾਰੂਦ ਗਾਇਬ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚੋਂ ਦੋ ਪੁਲੀਸ ਮੁਲਾਜ਼ਮ ਸੇਵਾਮੁਕਤ ਹੋ ਚੁੱਕੇ ਹਨ, ਜਦੋਂ ਕਿ ਇੱਕ ਮੁਲਜ਼ਮ ਹਾਲੇ ਵੀ ਹੈੱਡ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ।ਹੋਰ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਹੈੱਡ ਕਾਂਸਟੇਬਲ ਜਗਰੂਪ ਸਿੰਘ (ਹੁਣ ਸੇਵਾਮੁਕਤ), ਹੈੱਡ ਕਾਂਸਟੇਬਲ ਰਜਿੰਦਰ ਪਾਲ ਸਿੰਘ (ਹੁਣ ਸੇਵਾਮੁਕਤ) ਅਤੇ ਐਸਪੀਓ ਅਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਹੈ ਕਿ ਲੁਧਿਆਣਾ ਦਿਹਾਤੀ ਪੁਲੀਸ ਨੇ ਇਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਜ਼ਿਲ੍ਹਾ ਅਟਾਰਨੀ ਨੇ ਪੁਲੀਸ ਨੂੰ 14 ਅਪਰੈਲ 2009 ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਵੀ ਕਿਹਾ ਸੀ ਪਰ ਪੁਲੀਸ ਅੜੀ ਰਹੀ ਅਤੇ ਕੇਸ ਦਰਜ ਨਹੀਂ ਕੀਤਾ ਗਿਆ। ਹੁਣ ਡੀਜੀਪੀ ਦਫ਼ਤਰ ਵੱਲੋਂ ਮਾਮਲੇ ਬਾਰੇ ਪੁੱਛੇ ਜਾਣ ’ਤੇ ਐਸਐਸਪੀ ਹਰਜੀਤ ਸਿੰਘ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।