ਸਕੂਲ ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਨੂੰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਬਣਦਾ ਮਾਣ-ਸਨਮਾਣ ਦੇਣ ਦੇ ਦਿੱਤੇ ਨਿਰਦੇਸ਼
ਚੰਡੀਗੜ, 3 ਸਤੰਬਰ(ਵਿਸ਼ਵ ਵਾਰਤਾ)ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਨੂੰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਬਣਦਾ ਮਾਣ-ਸਨਮਾਣ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਸਕੱਤਰ ਨੇ ਇਸ ਸਬੰਧੀ ਜਿਲਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਬੁਲਾਰੇ ਅਨੁਸਾਰ ਬਹੁਤ ਸਾਰੇ ਸਕੂਲਾਂ ਵਿੱਚ ਆਂਗਨਵਾੜੀ ਸੈਂਟਰ ਚੱਲ ਰਹੇ ਹਨ ਅਤੇ ਆਂਗਨਵਾੜੀ ਵਰਕਰਾਂ ਵੱਲੋਂ ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਪ੍ਰਭਾਵੀ ਭੂਮਿਕਾ ਨਿਭਾਈ ਹੈ।
ਸਕੂਲ ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਨੂੰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਤਾਲਮੇਲ ਕਰਨ ਅਤੇ ਉਨਾਂ ਨਾਲ ਮਿਲਵਰਤਨ ਦੀ ਭਾਵਨਾ ਪੈਦਾ ਕਰਨ ਵਾਸਤੇ ਹਦਾਇਤ ਦਿੱਤੀ ਹੈ। ਉਨਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦੀ ਬੱਚਿਆਂ ਦੀ ਪੜਾਈ ਵਿੱਚ ਵਿਸ਼ੇਸ਼ ਭੂਮਿਕਾ ਹੈ। ਜੇਕਰ ਆਂਗਨਵਾੜੀ ਵਰਕਰਾਂ ਨੂੰ ਸਕੂਲ ਵਿੱਚ ਕੋਈ ਸਮੱਸਿਆ ਆਉਦੀ ਹੈ ਤਾਂ ਇਸ ਦਾ ਹੱਲ ਮਿਲ-ਜੁਲ ਕੇ ਕੀਤਾ ਜਾਵੇ। ਉਨਾਂ ਕਿਹਾ ਕਿ ਛੋਟੇ ਬੱਚਿਆਂ ਵਿਕਾਸ ਲਈ ਸਾਂਝੇ ਤੌਰ ’ਤੇ ਕੀਤੇ ਉਪਰਾਲੇ ਹੀ ਸਾਰਥਿਕ ਨਤੀਜੇ ਕੱਢ ਸਕਦੇ ਹਨ।