‘ਸਕੂਲ ਆਫ ਐਮੀਨੈਂਸ’ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ : ਡਿਪਟੀ ਕਮਿਸ਼ਨਰ ਡਾ.ਸੇਨੂੰ ਦੁੱਗਲ
ਫਾਜ਼ਿਲਕਾ, 4 ਮਾਰਚ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਡਾ.ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ ‘ਸਕੂਲ ਆਫ ਐਮੀਨੈਂਸ’ ਅਧੀਨ ਚੁਣੇ ਗਏ ਸਕੂਲਾਂ ਦੇ ਨੇੜਲੇ ਫੀਡਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ 9ਵੀਂ ਅਤੇ 11ਵੀਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਮਿਤੀ 19 ਮਾਰਚ 2023 (ਦਿਨ ਐਤਵਾਰ) ਨੂੰ ਦਾਖਲਾ ਪ੍ਰੀਖਿਆ ਲਈ ਜਾ ਰਹੀ ਹੈ। ਇਸ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ ਹੈ, ਜੋ ਕਿ 10 ਮਾਰਚ ਤੱਕ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ https://www.epunjabschool.gov.in/school-eminence/ ’ਤੇ ਦਿੱਤੇ ਲਿੰਕ New Registration ਉੱਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਦਾਖਲਾ ਪ੍ਰੀਖਿਆ ਦੀ ਪੂਰੀ ਜਾਣਕਾਰੀ ਸਰਵ ਸਿੱਖਿਆ ਅਭਿਆਨ ਪੰਜਾਬ ਦੀ ਵੈਬਸਾਈਟ www.ssapunjab.org ’ਤੇ ਅਪਲੋਡ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣ ਲਈ ਉਸ ਦੇ ਫੀਡਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਨੇੜਲੇ ਸਕੂਲਾਂ ’ਚ ਪੜ੍ਹਦੇ 8ਵੀਂ ਅਤੇ 10ਵੀਂ ਦੇ ਵਿਦਿਆਰਥੀ ‘ਸਕੂਲ ਆਫ ਐਮੀਨੈਂਸ’ ਸਕੂਲਾਂ ਵਿਚ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਵਾਸਤੇ ਰਜਿਸਟ੍ਰੇਸ਼ਨ ਕਰਾਉਣ।
ਜ਼ਿਲ੍ਹਾ ਸਿਖਿਆ ਅਫਸਰ ਡਾ.ਸੁਖਬੀਰ ਬਲ ਅਤੇ ਸ੍ਰੀ ਦੌਲਤ ਰਾਮ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਚਾਰ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜਿਲਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਨੂੰ ‘ਸਕੂਲ ਆਫ ਐਮੀਨੈਂਸ’ ਵਜੋਂ ਚੁਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦਾਖਲੇ ਸਬੰਧੀ ਵਧੇਰੇ ਜਾਣਕਾਰੀ ਲੈਣ ਵਾਸਤੇ ਸਿੱਖਿਆ ਵਿਭਾਗ ਪੰਜਾਬ ਦੇ ਟੋਲ਼ ਫਰੀ ਨੰਬਰ 18001802139 ਤੇ ਸੰਪਰਕ ਕੀਤਾ ਜਾ ਸਕਦਾ ਹੈ।