ਸਕੂਲ ਅਧਿਆਪਕਾਂ ਵੱਲੋਂ ਸਫ਼ਲ ‘ਰਾਬਤਾ ਮੁਹਿੰਮ’
‘ਰਾਬਤਾ ਮੁਹਿੰਮ’ ਦੌਰਾਨ ਅਧਿਅਪਕਾਂ ਨੇ ਪ੍ਰਾਇਮਰੀ ਸਕੂਲਾਂ ਦੇ 12 ਲੱਖ ਤੋਂ ਵੀ ਵੱਧ ਬੱਚਿਆਂ ਦੇ ਮਾਪਿਆਂ ਨਾਲ ਫੋਨ ਰਾਹੀ ਸੰਪਰਕ ਕੀਤਾ – ਕਰਿਸ਼ਨ ਕੁਮਾਰ
ਕਿ੍ਰਸ਼ਨ ਕੁਮਾਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦਿ੍ਰੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼
ਚੰਡੀਗੜ, 1 ਜੂਨ (ਵਿਸ਼ਵ ਵਾਰਤਾ)-ਪੰਜਾਬ ਦੇ ਸਕੂਲ ਅਧਿਆਪਕਾਂ ਵੱਲੋਂ ‘ਰਾਬਤਾ ਮੁਹਿੰਮ’ ਸਫਲਤਾ ਪੂਰਨ ਢੰਗ ਨਾਲ ਸਿਰੇ ਚਾੜਨ ਲਈ ਸਿੱਖਿਆ ਸਕੱਤਰ ਸ੍ਰੀ ਕਰਿਸ਼ਨ ਕੁਮਰ ਨੇ ਖੁਸ਼ੀ ਦੀ ਪ੍ਰਗਟਾਵਾ ਕਰਦੇ ਹੋਏ ਪੜਾਈ ਦੇ ਉੱਚ ਮਿਆਰ ਸਥਾਪਿਤ ਕਰਨ ਲਈ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦਿ੍ਰੜ ਇਰਾਦੇ ਨਾਲ ਵਿਦਿਆਰਥੀਆਂ ਦੀ ਸਿੱਖਿਆ ਲਈ ਸਰਗਰਮੀਆਂ ਚਲਾਉਣ ਲਈ ਨਿਰਦੇਸ਼ ਦਿੱਤੇ ਹਨ।
ਇੱਕ ਹਫ਼ਤਾ ਚੱਲੀ ਇਸ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ 24 ਤੋਂ 31 ਮਈ ਤੱਕ ਮਾਪੇ-ਅਧਿਆਪਕ ਰਾਬਤਾ ਮੁਹਿੰਮ ਚਲਾਈ ਗਈ ਜਿਸ ਦੌਰਾਨ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ 12,71,727 ਮਾਪਿਆਂ ਨਾਲ਼ ਫ਼ੋਨ ਰਾਹੀਂ ਰਾਬਤਾ ਬਣਾਉਣ ਦਾ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ਾਂ ਬੱਚਿਆਂ ਦੀ ਪੜਾਈ, ਸਿਹਤ ਸੰਭਾਲ, ਦਾਖਲਾ ਮੁਹਿੰਮ ਦੇ ਪ੍ਰਚਾਰ, ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਨਾਲ ਨਾਲ ਉਨਾਂ ਦੇ ਸਰਵਪੱਖੀ ਵਿਕਾਸ ਬਾਰੇ ਮਾਪਿਆਂ ਨਾਲ ਵਿਚਾਰ-ਚਰਚਾ ਕਰਨਾ ਸੀ। ਇਸ ਦੌਰਾਨ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ, ਉਪ-ਜ਼ਿਲਾ ਸਿੱਖਿਆ ਅਫ਼ਸਰਾਂ, ਪਿ੍ਰੰਸੀਪਲ ਡਾਇਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜੋ ਪੰਜਾਬ, ਪੜਾਓ ਪੜਾਓ ਪੰਜਾਬ’ ਟੀਮ ਦੇ ਜ਼ਿਲਾ ਬਲਾਕ ਅਤੇ ਕਲੱਸਟਰ ਟੀਮ ਮੈਂਬਰਾਂ, ਅਧਿਆਪਕਾਂ ਅਤੇ ਹੋਰ ਸਹਾਇਕ ਸਟਾਫ ਨੇ ਫ਼ੋਨ ਕਾਲ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਕੱਲੇ-ਇਕੱਲੇ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਆਨਲਾਈਨ ਪੜਾਈ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖਿਆ ਵਿਭਾਗ ਵੱਲੋਂ ‘ਘਰ ਬੈਠੇ ਸਿੱਖਿਆ’ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਅਧਿਆਪਕਾਂ ਨੇ ਟੀ.ਵੀ. ਕਲਾਸਾਂ ਦੀ ਸਮਾਂ ਸਾਰਣੀ, ਸਰਕਾਰੀ ਸਕੂਲਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ, ਨੈਤਿਕ ਸਿੱਖਿਆ ਅਤੇ ‘ਸਵਾਗਤ ਜ਼ਿੰਦਗੀ’ ਬਾਰੇ ਕਿਤਾਬ ਦੀ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ। ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰਚਾਰ ਕਰਨ ਹਿੱਤ ਮਾਪਿਆਂ ਨੂੰ ਪ੍ਰੇਰਿਤ ਵੀ ਕੀਤਾ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਪੜਾਈ ਅਤੇ ਪਾਠਕ੍ਰਮ ਨਾਲ ਜੋੜ ਕੇ ਰੱਖਣ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਵਧੀਆ ਕਾਰਗੁਜ਼ਾਰੀ ਨਿਭਾਈ ਹੈ। ਇਹ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਪਿਆਂ ਨੂੰ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਜਾਗਰੂਕ ਕੀਤਾ ਗਿਆ। ਬਹੁਤ ਸਾਰੇ ਮਾਪਿਆਂ ਦੀ ਸਹਿਮਤੀ ਨਾਲ ਫੋਨ ਕਾਲਾਂ ਨੂੰ ਰਿਕਾਰਡ ਵੀ ਕੀਤਾ ਗਿਆ ਹੈ ਜਿਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਕੇ ਹੋਰ ਮਾਪਿਆਂ ਨੂੰ ਵੀ ਸਰਕਾਰੀ ਸਕੂਲਾਂ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ। ਇਸ ਨਿਵੇਕਲੀ ਪਹਿਲਕਦਮੀ ਪ੍ਰਤੀ ਮਾਪਿਆਂ ਨੇ ਭਾਰੀ ਉਤਸ਼ਾਹ ਦਿਖਾਇਆ।
ਡਾ: ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰਾਇਮਰੀ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰਾਂ, ਉਪ-ਜ਼ਿਲਾ ਸਿੱਖਿਆ ਅਫ਼ਸਰਾਂ, ਪਿ੍ਰੰਸੀਪਲ ਡਾਇਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਖ਼ੁਦ ਵੀ ਸਕੂਲਾਂ ਦੇ ਵਿੱਚ ਪੜਦੇ ਬੱਚਿਆਂ ਦੇ ਕਈ ਮਾਪਿਆਂ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਇਹ ਜਾਣਕੇ ਤਸੱਲੀ ਹੋਈ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਨਾ ਕੇਵਲ ਬੱਚਿਆਂ ਦਾ ਸਕੂਲਾਂ ਵਿੱਚ ਹੀ ਖਿਆਲ ਰੱਖਦੇ ਹਨ ਸਗੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਫ਼ੋਨ ਰਾਹੀਂ ਬੱਚਿਆਂ ਨਾਲ ਜੁੜੇ ਹੋਏ ਹਨ ਅਤੇ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਹਨ।