ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਪੁੱਜ ਸੰਗਤੀ ਅਰਦਾਸ ਕਰੇਗਾ : ਬੀਰ ਦਵਿੰਦਰ ਸਿੰਘ
ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਵਰਕਰ ਹੋਣਗੇ ਸ਼ਾਮਿਲ
ਚੰਡੀਗੜ੍ਹ 21 ਮਈ 2021(ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਪੁੱਜ ਕੇ, ਗੁਰਦਵਾਰਾ ਸਾਹਿਬ ਵਿੱਚ ਦਿਨ ਦੇ ਸਾਢੇ ਬਾਰਾਂ (12.30) ਵਜੇ ਸੰਗਤੀ ਅਰਦਾਸ ਕਰੇਗਾ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਦੇ ਸਾਰੇ ਲੀਡਰ ਅਤੇ ਵਰਕਰ ਸ਼ਾਮਿਲ ਹੋਣਗੇ।ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਲੀਡਰ ਅਤੇ ਸਾਬਕਾ ਡਿਪਟੀ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਮੀਡੀਏ ਦੇ ਨਾਮ ਜਾਰੀ ਕੀਤੇ ਇੱਕ ਅਧਿਕਾਰਤ ਲਿਖਤੀ ਬਿਆਨ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਦੇ ਪ੍ਰਧਾਨ, ਸਰਦਾਰ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਵਿੱਚ, ਪਿਛਲੇ ਦਿਨੀਂ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਹੋਈ, ਇੱਕ ਗ਼ੈਰ-ਰਸਮੀ ਮੀਟਿੰਗ ਵਿੱਚ ਲਿਆ ਗਿਆ।ਮੀਟਿੰਗ ਵਿੱਚ ਗੰਭੀਰ ਵਿਚਾਰਾਂ ਤੋਂ ਬਾਅਦ ਇਹ ਤਹਿ ਹੋਇਆ, ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ, ਇਸ ਪੰਥਕ ਪਾਰਟੀ ਦੇ ਬੁਨਿਆਦੀ ਅਤੇ ਸਰਬ-ਉੱਚ ਸਰੋਕਾਰਾਂ ਵਿੱਚ ਸ਼ਾਮਿਲ ਹੈ। ਇਸ ਲਈ ਪੰਜ ਮੂਲ-ਮੰਤਰ ਦੇ ਪਾਠ ਅਤੇ ਅਰਦਾਸ ਕਰਨ ਉਪਰੰਤ ਇਹ ਗੁਰਮਤਾ ਹੋਇਆ, ਕਿ 1 ਜੂਨ 2015 ਨੂੰ, ਸਿੱਖ ਪੰਥ ਦੇ ਦੋਖੀਆਂ ਨੇ, ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਵਿੱਚੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰ ਲਏ ਸਨ ਅਤੇ ਉਪਰੰਤ 12 ਅਕਤੂਬਰ ਨੂੰ ਚੋਰੀ ਕੀਤੇ ਸਰੂਪਾਂ ਦੇ ਅੰਗ ਪਾੜ ਕੇ ਪਿੰਡ ਬਰਗਾੜੀ ਵਿਖੇ ਖਿਲਾਰ ਕੇ ਬੇਅਦਬੀ ਕੀਤੀ ਗਈ। ਬਾਅਦ ਵਿੱਚ ਜਦੋਂ ਵਲੂੰਦਰੇ ਹੋਏ ਸਿੱਖ ਹਿਰਦਿਆਂ ਨੇ ਇਨ੍ਹਾਂ ਘਟਨਾਵਾਂ ਪ੍ਰਤੀ, ਰੋਸ ਵਿਖਾਵੇ ਅਤੇ ਪੁਰਅਮਨ ਢੰਗ ਨਾਲ ਧਰਨੇ ਦਿੱਤੇ ਤਾਂ ਉਨ੍ਹਾਂ ਤੇ ਪੁਲਿਸ ਦੀਆਂ ਗੋਲੀਆਂ ਦੀ ਬਾਛੜ ਕੀਤੀ ਗਈ, ਜਿਸ ਗੋਲੀਬਾਰੀ ਵਿੱਚ ਦੋ ਸਿੰਘ ਮੌਕੇ ਤੇ ਸ਼ਹੀਦ ਹੋ ਗਏ। ਸੱਦ ਅਫ਼ਸੋਸ ਜ਼ਿਕਰ ਤਾਂ ਇਹ ਹੈ ਕਿ ਉਸ ਸਮੇਂ ਪੰਜਾਬ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਸਨ।
ਸਰਦਾਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਸ ਤੋਂ ਬਾਅਦ ਵੀ ਮਾਰਚ 2017 ਤੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ, ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੰੁ ਖਾਣ ਤੋਂ ਬਾਅਦ ਵੀ ਸਾਰੇ ਮਾਮਲੇ ਵਿੱਚ ਲਗਾਤਾਰ ਆਨਾਕਾਨੀ ਹੀ ਕੀਤੀ ਹੈ ਅਤੇ ਆਪਣੇ ਸੌੜੇ ਰਾਜਨੀਤਕ ਹਿਤਾਂ ਲਈ, ਸਾਰੇ ਅੱਤ-ਸੰਵੇਦਨਸ਼ੀਲ ਮਾਮਲੇ ਨੂੰ ਵੱਟੇ-ਖਾਤੇ ਪਾਈਂ ਰੱਖਿਆ ਹੈ।ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ 6 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਮਾਮਲੇ ਵਿੱਚ, ਨਾਂ ਤਾਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਪੁਖਤਾ ਕਾਰਵਾਈ, ਸਾਫ਼ ਇਰਾਦੇ ਨਾਲ ਕੀਤੀ ਹੈ ਤੇ ਸ਼ਾਇਦ ਇਸੇ ਕਾਰਨ ਅਦਾਲਤਾਂ ਨੇ ਵੀ ਹੁਣ ਤੀਕਰ ਕੋਈ ਨਿਯਾਂ ਨਹੀਂ ਦਿੱਤਾ ਹੈ।
ਸਰਦਾਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਰੇ ਪਾਰਟੀ ਕੇਡਰ ਅਤੇ ਲੀਡਰਸ਼ਿੱਪ ਨੂੰ 1 ਜੂਨ 2021 ਨੂੰ ਦਿਨ ਦੇ ਠੀਕ 11 ਵਜੇ ਪਿੰਡ ਲੰਬਵਾਲੀ ਦੀ ਦਾਣਾਂ ਮੰਡੀ ਵਿੱਚ ਇਕੱਠੇ ਹੋਣ ਲਈ ਆਦੇਸ਼ ਕੀਤੇ ਹਨ, ਜਿੱਥੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਲਈ, ਕੋਵਿਡ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਯਾਤਰਾ ਸ਼ੁਰੂ ਕੀਤੀ ਜਾਵੇਗੀ ।ਪਿੰਡ ਲੰਬਵਾਲੀ, ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਰੋਡ ਉੱਤੇ, ਬਰਗਾੜੀ ਅਤੇ ਬਾਜਾਖਾਨਾ ਦੇ ਵਿਚਕਾਰ ਚਹੁੰ-ਮਾਰਗੀ ਸੜਕ ਉੱਤੇ ਸਥਿੱਤ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਦੇ ਸਾਰੇ ਆਗੂਆ ਅਤੇ ਵਲੰਟੀਅਰਜ਼ ਨੂੰ ਪਾਰਟੀ ਦੇ ਸਰਪ੍ਰਸਤ ਅਤੇ ਪ੍ਰਧਾਨ ਜੀ ਵੱਲੋਂ ਅਪੀਲ ਹੈ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾਂ ਸਹੀ ਅਰਥਾਂ ਵਿੱਚ ਕਰਨ ਅਤੇ ਆਪਣੇ ਲੰਗਰ-ਪਾਣੀ ਦਾ ਇੰਤਜ਼ਾਮ ਵੀ ਨਾਲ ਕਰਕੇ ਲਿਆਉਂਣ।