ਨਵੀਂ ਦਿੱਲੀ/ਚੰਡੀਗੜ੍ਹ , 7 ਨਵੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੇ ਹੋਰ ਆਗੂਆਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਮੌਕੇ ਇਥੇ ਜ਼ਬਰਦਸਤ ਸ਼ਕਤੀਪ੍ਰਦਰਸ਼ਨ ਕਰਦਿਆਂ ਰੋਸ ਧਰਨਾ ਦਿੱਤਾ।
ਇਹ ਰੋਸ ਮੁਜ਼ਾਹਰਾ ਆਪ ਲੀਡਰਸ਼ਿਪ ਵੱਲੋਂ ਪੰਜਾਬ ਵਿਚ ਨਸ਼ਿਆਂ ਦੀ ਸਮਗਲਿੰਗ ਕਰਨ, ਇਸ ਮਾਮਲੇ ‘ਤੇ ‘ਆਪ’ ਲੀਡਰਸ਼ਿਪ ਵੱਲੋਂ ਦੋਗਲੇ ਮਾਪਦੰਡ ਅਪਣਾਉਣ, ਆਪ ਲੀਡਰਸ਼ਿਪ ਵੱਲੋਂ ਪੰਜਾਬੀ ਨੌਜਵਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਅਤੇ ਸੁਖਪਾਲ ਸਿੰਘ ਖਹਿਰਾ ਜਿਹਨਾਂ ਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਕੇਸ ਵਿਚ ਦੋਸ਼ੀ ਤਲਬ ਕੀਤਾ ਗਿਆ ਤੇ ਉਹਨਾਂ ਦੇ ਸਾਥੀਆਂ ਨੂੰ ਉਮਰ ਕੈਦ ਤੇ ਹਰੇਕ ਨੂੰ 9 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਦੇ ਮਾਮਲੇ ਵਿਚ ਅਪਣਾਈ ਚੁੱਪੀ ਦੇ ਮਾਮਲੇ ‘ਤੇ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਲਾਠੀਚਾਰਜ ਕੀਤੇ ਜਾਣ ਤੇ ਜਲ ਤੋਪਾਂ ਦੀ ਵਰਤੋਂ ਕੀਤੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਹਾ ਕਿ ਤਾਕਤ ਦੀ ਵਰਤੋਂ ਪੰਜਾਬੀਆਂ ਦੀ ਆਵਾਜ਼ ਨਹੀਂ ਦਬਾ ਸਕਦੀ। ਉਹਨਾਂ ਕਿਹਾ ਕਿ ਕੇਜਰੀਵਾਲ ਇਕ ਕਾਇਰ ਹੈ ਜੋ ਪੰਜਾਬੀ ਨੌਜਵਾਨਾਂ ਨੂੰ ਤਬਾਹ ਕਰਨ ਲਈ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੀ ਆਪਣੀ ਲੀਡਰਸ਼ਿਪ ਖਿਲਾਫ ਕਾਰਵਾਈ ਤੋਂ ਭੰਜ ਰਿਹਾ ਹੈ ਤੇ ਅਜਿਹੇ ਤੱਤਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਖਹਿਰਾ ਦੇ ਖਿਲਾਫ ਕਾਰਵਾਈ ਤੋਂ ਕਿਉਂ ਡਰ ਰਹੇ ਹਨ ? ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਨੂੰ ਡਰ ਹੈ ਕਿ ਜੇਕਰ ਉਹਨਾਂ ਨੇ ਖਹਿਰਾ ਖਿਲਾਫ ਕਾਰਵਾਈ ਤਾਂ ਕੀਤੀ ਤਾਂ ਉਹ ਦੱਸਣ ਦੇਣਗੇ ਕਿ ਕੇਜਰੀਵਾਲ ਨਸ਼ਿਆਂ ਦੇ ਪੈਸੇ ਵਿਚੋਂ ਸਿੱਧਾ ਹਿੱਸਾ ਲੈ ਰਹੇ ਹਨ ਤੇ ਭਾਰਤ ਵਿਚ ਇਸ ਪੈਸੇ ਨੂੰ ਚੋਣ ਫੰਡ ਵਜੋਂ ਵਿਖਾਇਆ ਗਿਆ ਸੀ। ਉਹਨਾਂ ਕਿਹਾ ਕਿ ਫਾਜ਼ਿਲਕਾ ਦੀ ਅਦਾਲਤ ਨੇ ਆਪਣੇ ਫੈਸਲੇ ਵਿਚ ਵੀ ਲਿਖਿਆ ਹੈ ਕਿ ਜੇਕਰ ਖਹਿਰਾ ਆਪਣੇ ਖਿਲਾਫ ਲੱਗੇ ਦੋਸ਼ਾਂ ਦਾ ਖੰਡਨ ਕਰਨ ਵਿਚ ਅਸਫਲ ਰਹੇ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਤੈਅ ਹੈ।
ਉਹਨਾਂ ਕੇਜਰੀਵਾਲ ਨੂੰ ਇਹ ਵੀ ਸਵਾਲ ਕੀਤਾ ਕਿ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਦੀ ਰਾਜਨੀਤੀ ਸਾਫ ਕਰਨ ਵਾਸਤੇ ਆਏ ਹਨ ਪਰ ਦੇਸ਼ ਦੇ ਖਾਸ ਤੌਰ ‘ਤੇ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਆਪ ਵਿਧਾਇਕ ਦਲ ਨਸ਼ਿਆਂ ਦੀ ਸਮਗਲਿੰਗ ਤੋਂ ਸਾਫ ਕਦੋਂ ਹੋਵੇਗਾ ?
ਇਸ ਤੋਂ ਪਹਿਲਾਂ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ., ਅਕਾਲੀ ਦਲ ਦੇ ਬੁਲਾਰੇ, ਦਿੱਲੀ ਦੇ ਵਿਧਾਇਕ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ, ਸ੍ਰੀ ਪਰਬੰਸ ਸਿੰਘ ਬੰਟੀ ਰੋਮਾਣਾ, ਅਕਾਲੀ ਨੇਤਾ ਹਰਮੀਤ ਸਿੰਘ ਸੰਧੂ, ਹਰਪਾਲ ਜੁਨੇਜਾ, ਰਵੀਕਰਨ ਸਿੰਘ ਕਾਹਲੋਂ, ਇਕਬਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰਨਾਂ ਨੇ ਕਿਹਾ ਕਿ ਆਪ ਨੇ ਪੰਜਾਬ ਵਿਧਾਨ ਸਭਾ ਚੋਦਾਂ ਵਿਚ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀ ਪਰ ਹੁਣ ਅਸਲੀਅਤ ਜੱਗ ਜਾਹਰ ਹੋ ਗਈ ਹੈ ਤੇ ਸਾਬਤ ਹੋ ਗਿਆ ਹੈ ਕਿ ਆਪ ਦੇ ਆਗੂ ਹੀ ਅਸਲ ਵਿਚ ਨਸ਼ਿਆਂ ਦੇ ਸਪਲਾਇਰ ਹਨ ਜੋ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਨਸ਼ਿਆਂ ਦੀ ਤਸਕਰੀ ਕਰਦੇ ਹਨ।
ਉਹਨਾਂ ਕਿਹਾ ਕਿ ਇਸ ਲੀਡਰਸ਼ਿਪ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਚੁੱਪੀ ਧਾਰਨ ਨੇ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਕੇਜਰੀਵਾਲ ਇਸ ਗੈਰ ਕਾਨੂੰਨੀ ਵਪਾਰ ਵਿਚੋਂ ਆਪਣਾ ਹਿੱਸਾ ਪ੍ਰਾਪਤ ਕਰ ਰਹੇ ਸਨ ਤੇ ਪਾਰਟੀ ਨੂੰ ਜੋ ਵਿਦੇਸ਼ਾਂ ਤੋਂ ਫੰਡ ਮਿਲੇ ਸਨ ਉਹ ਗੈਰ ਕਾਨੂੰਨੀ ਨਸ਼ਿਆਂ ਦੇ ਵਪਾਰ ਦਾ ਪੈਸਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਆਪ ਲੀਡਰਸ਼ਿਪ ਦਾ ਮਕਸਦ ਸਿਰਫ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰਨਾ ਸੀ ਤੇ ਇਸੇ ਲਈ ਇਸ ਪਾਰਟੀ ਨੂੰ ਉਹਨਾਂ ਸਬਕ ਸਿਖਾਇਆ ਤੇ ਕੇਜਰੀਵਾਲ ਨੂੰ ਤਾਂ ਇਸ ਤਰ•ਾਂ ਦੀ ਸਜ਼ਾ ਮਿਲੀ ਕਿ ਉਸਨੇ ਮੁੜ ਪੰਜਾਬ ਵੱਲ ਮੂੰਹ ਨਹੀਂ ਕੀਤਾ।
ਅਕਾਲੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਭਾਵੇਂ ਕੇਜਰੀਵਾਲ ਸੱਚ ਤੇ ਪੰਜਾਬੀਆਂ ਦੀ ਆਵਾਜ਼ ਨੂੰ ਪੁਲਿਸ ਦੀ ਤਾਕਤ ਦੀ ਵਰਤੋਂ ਰਾਹੀਂ ਦਬਾਉਣਾ ਚਾਹੁੰਦੇ ਹਨਅ ਪਰ ਇਹ ਰੋਸ ਵਿਖਾਵੇ ਤੇ ਉਹਨਾਂ ਖਿਲਾਫ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਸੁਖਪਾਲ ਖਹਿਰਾ ਸਮੇਤ ਆਪਣੀ ਪਾਰਟੀਲੀਡਰਸ਼ਿਪ ਖਿਲਾਫ ਕਾਰਵਾਈ ਨਹੀਂ ਕਰਦੇ ਤੇ ਇਹ ਪ੍ਰਵਾਨ ਨਹੀਂ ਕਰਦੇ ਕਿ ਉਹ ਨਸ਼ਿਆਂ ਦੇ ਵਪਾਰ ਵਿਚ ਖੁਦ ਦੋਸ਼ੀ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਹਿਤ, ਹਰਮੀਤ ਸਿੰਘ ਕਾਲਕਾ, ਅਮਰਜੀਤ ਸਿੰਘ ਪੱਪੂ, ਪਰਮਜੀਤ ਸਿੰਘ ਰਾਣਾ, ਮਨਜੀਤ ਸਿੰਘ ਔਲਖ, ਕੁਲਵੰਤ ਸਿੰਘ ਬਾਠ, ਹਰਵਿੰਦਰ ਸਿੰਘ ਕੇ. ਪੀ., ਆਤਮਾ ਸਿੰਘ ਲੁਬਾਣਾ, ਜਸਮੈਨ ਸਿੰਘ ਨੋਨੀ, ਹਰਜੀਤ ਸਿੰ ਪੱਪਾ, ਜਗਦੀਪ ਸਿੰਘ ਕਾਹਲੋਂ, ਹਰਜਿੰਦਰ ਸਿੰਘ, ਸਤੇਂਦਰ ਸਿੰਘ ਨਾਗੀ, ਚਮਨ ਸਿੰਘ, ਓਂਕਾਰ ਸਿੰਘ ਰਾਜਾ, ਵਿਕਰਮ ਸਿੰਘ ਰੋਹਿਨੀ, ਦਲਜੀਤ ਸਿੰਘ ਸਰਨਾ, ਡਾ. ਨਿਸ਼ਾਨ ਸਿੰਘ ਮਾਨ, ਸਵਰਨ ਸਿੰਘ ਬਰਾੜ ਤੇ ਅਕਾਲੀ ਨੇਤਾ ਜਸਪ੍ਰੀਤ ਸਿੰਘ ਵਿੱਕੀ ਮਾਨ, ਗੁਰਦੇਵ ਸਿੰਘ ਭੋਲਾ, ਹਰਪ੍ਰੀਤ ਸਿੰਘ ਹੈਪੀ ਕੇਬਲ, ਗਗਨ ਸਿੰਘ ਐਸ ਓ ਆਈ ਪ੍ਰਧਾਨ, ਗੁਰਸਿਮਰਨ ਸਿੰਘ, ਰਮਨਜੋਤ ਸਿੰਘ, ਜਗਮੋਹਨ ਸਿੰਘ ਤੇ ਬਲਜਿੰਦਰ ਸਿੰਘ ਆਦਿ ਮੌਜੂਦ ਸਨ।