ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਦਾ ਸਹੀ ਸਮਾਂ-ਸੁਖਦੇਵ ਸਿੰਘ ਕੋਕਰੀ
ਨਿਹਾਲ ਸਿੰਘ ਵਾਲਾ (ਮੋਗਾ) 21ਫਰਵਰੀ ( ਕੁਲਬੀਰ ਬੀਰਾ ) ਅੱਜ ਜਦੋਂ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ ਸਿਖਰਾਂ ਵੱਲ ਵਧ ਰਿਹਾ ਹੈ ਤਾਂ ਅਜਿਹੇ ਸਮੇਂ ਜ਼ਮੀਨੀ ਘੋਲ ਦੇ ਸ਼ਹੀਦ, ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਗਿਆਰਵੀਂ ਬਰਸੀ ਮੌਕੇ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਦਾ ਸਹੀ ਸਮਾਂ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਧੂ ਸਿੰਘ ਤਖਤੂਪੁਰਾ ਦੇ ਜੱਦੀ ਪਿੰਡ ਹਜਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ । ਉਹਨਾਂ ਕਿਹਾ ਕਿ ਅੱਜ ਤੋਂ ਗਿਆਰਾਂ ਵਰ੍ਹੇ ਪਹਿਲਾਂ ਸਾਧੂ ਸਿੰਘ ਕੰਢੀ ਏਰੀਏ ਦੇ ਆਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਲੋਕਾਂ ਨੂੰ ਲਾਮਬੰਦ ਕਰਨ ਤੁਰਿਆ ਸੀ ਜਿਸ ਨੂੰ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਗੁੰਡਿਆ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਪੱਖੀ ਨੀਤੀਆਂ ਦਾ ਪੱਖ ਪੂਰਦਿਆ ਜੋ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਦੇਸ਼ ਵਿੱਚ ਲਾਗੂ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਕਾਨੂੰਨਾਂ ਖਿਲਾਫ਼ ਲੜਾਈ ਫੇਰ ਸਾਧੂ ਸਿੰਘ ਤਖਤੂਪੁਰਾ ਵਰਗੇ ਸਿਰਲੱਥ ਯੋਧਿਆਂ ਦੀ ਮੰਗ ਕਰਦੀ ਹੈ । ਉਹਨਾਂ ਕਿਸਾਨ ਘੋਲ ਨੂੰ ਫਿਰਕੂ ਰੰਗਤ ਦੇਣ ਅਤੇ ਇਸ ਘੋਲ ਦੀ ਹਮਾਇਤ ਕਰਨ ਵਾਲਿਆਂ ਤੇ ਦੇਸ਼ ਧਰੋਹ ਦਾ ਲੇਬਲ ਲਾਉਣ ਦੀ ਮੋਦੀ ਜੁੰਡਲੀ ਦੀ ਜ਼ੋਰਦਾਰ ਨਿੰਦਾ ਕੀਤੀ । ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਗੁਰਚਰਨ ਰਾਮਾਂ ਅਤੇ ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਜ਼ਮੀਨ ਨੂੰ ਬਚਾਉਣ ਦਾ ਇੱਕੋ ਇੱਕ ਰਾਹ ਕੁਰਬਾਨੀਆਂ ਦਾ ਰਾਹ ਹੈ ਜਿਸ ਤੇ ਚੱਲ ਕੇ ਹੀ ਦੇਸ਼ ਦਾ ਕਿਸਾਨ ਆਪਣੀਆਂ ਜ਼ਮੀਨਾਂ ਦੀ ਰਾਖੀ ਕਰ ਸਕਦਾ ਹੈ ਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੇ ਆਪਣੀ ਸ਼ਹਾਦਤ ਦੇ ਕੇ ਇਸ ਰਾਹ ਨੂੰ ਰੌਸ਼ਨ ਕੀਤਾ ਹੈ । ਔਰਤ ਆਗੂਆਂ ਕੁਲਦੀਪ ਕੌਰ ਕੁੱਸਾ ਅਤੇ ਬਰਿੰਦਰ ਕੌਰ ਰਾਮਾਂ ਨੇ ਕਿਹਾ ਕਿ ਜ਼ਮੀਨੀ ਘੋਲ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਮਾਜ ਦਾ ਅੱਧ ਬਣਦੀਆਂ ਔਰਤਾਂ ਨੂੰ ਘੋਲ ਵਿੱਚ ਸ਼ਾਮਲ ਕਰਨਾ ਵਕਤ ਦੀ ਅਣਸਰਦੀ ਲੋੜ ਹੈ ਤੇ ਸਾਧੂ ਸਿੰਘ ਤਖਤੂਪੁਰਾ ਇਸ ਲੋੜ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਦੇ ਸਨ ਜਿਸ ਕਰਕੇ ਉਹਨਾਂ ਨੇ ਆਪਣੇ ਪੂਰੇ ਸੰਘਰਸ਼ਮਈ ਜੀਵਨ ਦੌਰਾਨ ਇਸ ਲੜ ਨੂੰ ਬਰਾਬਰ ਕਰਨ ਲਈ ਆਪਣਾ ਪੂਰਾ ਤਾਣ ਲਾਇਆ । ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਦਿੱਲੀ ਪੁਲਿਸ ਵੱਲੋਂ ਔਰਤ ਆਗੂ ਨੌਦੀਪ ਕੌਰ ਗੰਧੜ ਅਤੇ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਓਥੇ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ । ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਸੰਘਰਸ਼ ਤੋਂ ਬੁਖਲਾਹਟ ਵਿੱਚ ਆ ਕੇ ਅਜਿਹੇ ਕੋਝੇ ਹਥਕੰਡੇ ਵਰਤ ਰਹੀ ਹੈ ਪਰ ਮੁਲਕ ਦੇ ਲੋਕ ਇਹਨਾਂ ਹਥਕੰਡਿਆ ਨੂੰ ਸਫਲ ਨਹੀਂ ਹੋਣ ਦੇਣਗੇ ।
ਭਰਾਤਰੀ ਜਥੇਬੰਦੀਆਂ ਦੇ ਆਗੂਆਂ ਜਿੰਨਾਂ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇ ਕੇ, ਜਿਲ੍ਹਾ ਸੈਕਟਰੀ ਦਰਸ਼ਨ ਸਿੰਘ ਹਿੰਮਤਪੁਰਾ ਅਤੇ ਨੌਜਵਾਨ ਭਾਰਤ ਸਭਾ ਦੇ ਇਲਾਕੇ ਦੇ ਆਗੂਆਂ ਕਰਮ ਰਾਮਾਂ ਅਤੇ ਗੁਰਮੁੱਖ ਹਿੰਮਤਪੁਰਾ ਨੇ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ ਇਕੱਲੇ ਕਿਸਾਨਾਂ ਦੇ ਲੀਡਰ ਹੀ ਨਹੀਂ ਸਨ, ਜਵਾਨੀ ਦੇ ਵਰਿਆਂ ਤੋਂ ਲੈ ਕੇ ਸ਼ਹਾਦਤ ਹੋਣ ਤੱਕ ਉਹ ਨੌਜਵਾਨਾਂ, ਅਧਿਆਪਕਾਂ ਅਤੇ ਖੇਤ ਮਜ਼ਦੂਰਾਂ ਨੂੰ ਨੂੰ ਵੀ ਜੱਥੇਬੰਦ ਕਰਦੇ ਰਹੇ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਸ਼ਹੀਦ ਭਗਤ ਸਿੰਘ ਦੇ ਦੱਸੇ ਇਨਕਲਾਬ ਦੇ ਰਾਹ ਤੇ ਚਲਦਿਆਂ ਜਿੰਨਾਂ ਚਿਰ ਜਗੀਰਦਾਰੀ ਅਤੇ ਸਾਮਰਾਜ ਦਾ ਗਲਬਾ ਮੁਲਕ ਦੇ ਲੋਕਾਂ ਦੇ ਗਲੋ ਨਹੀਂ ਲਾਹਿਆ ਜਾਂਦਾ, ਲੋਕਾਂ ਦੀ ਜੂਨ ਸੁਧਰ ਨਹੀਂ ਸਕਦੀ । ਇਸ ਮੌਕੇ ਹੋਰ ਆਗੂਆਂ ਤਰਲੋਕ ਸਿੰਘ ਹਿੰਮਤਪੁਰਾ,ਇੰਦਰਮੋਹਨ ਪੱਤੋ, ਸੁਦਾਗਰ ਸਿੰਘ ਖਾਈ, ਜੰਗੀਰ ਸਿੰਘ ਹਿੰਮਤਪੁਰਾ ਜਗਮੋਹਨ ਸੈਦੋਕੇ ਆਦਿ ਨੇ ਕਿਹਾ ਕਿ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੇ ਆਪਣੇ ਲਹੂ ਨਾਲ ਹੱਕਾਂ ਦੀ ਜਿਸ ਸ਼ਮਾਂ ਨੂੰ ਰੌਸ਼ਨ ਕੀਤਾ ਹੈ ਉਸ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਪੰਜਾਬ ਦੇ ਲੋਕ ਹੋਰ ਮਘਦੀ ਰੱਖਣਗੇ ਅਤੇ ਭਾਜਪਾ ਹਕੂਮਤ ਦੇ ਫਿਰਕੂ ਏਜੰਡੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ । ਇਸ ਸਮਾਗਮ ਦੀ ਸਟੇਜ ਤੋਂ ਉਨਾਓ ਵਿੱਚ ਦਲਿਤ ਪਰਿਵਾਰ ਨਾਲ ਸਬੰਧਤ ਤਿੰਨ ਭੈਣਾਂ ਨਾਲ ਬਲਾਤਕਾਰ ਕਰਨ ਉਪਰੰਤ ਉਹਨਾਂ ਨੂੰ ਕੋਹ ਕੋਹ ਕੇ ਮਾਰ ਦੇਣ ਦੀ ਜੋ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤਹਿਤ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਥਾਂ ਉਲਟਾ ਕੁੜੀਆਂ ਦੇ ਮਾਪਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਮੋਦੀ ਸਰਕਾਰ ਦੇ ਦਲਿਤਾਂ ਅਤੇ ਔਰਤਾਂ ਉੱਪਰ ਪਿਛਲੇ ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਜਬਰ ਦੀ ਕਹਾਣੀ ਨੂੰ ਅੱਗੇ ਤੋਰਦੀ ਹੈ । ਉਹਨਾਂ ਮੰਗ ਕੀਤੀ ਉਨਾਓ ਵਿੱਚ ਦਲਿਤ ਪਰਿਵਾਰ ਨਾਲ ਵਾਪਰੀ ਇਸ ਘਟਨਾ ਦੇ ਜਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ਅੱਜ ਦੇ ਸਮਾਗਮਵਿੱਚ ਜਿੱਥੇ ਰਸੂਲਪੁਰ ਦੇ ਕਵੀਸ਼ਰੀ ਜਥੇ ਵੱਲੋਂ ਆਪਣੀਆਂ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ ਓਥੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਖੂਬਸੂਰਤ ਨਾਟਕ “ਠੱਗੀ” ਅਤੇ ਸੈਮੂਅਲ ਜੌਹਨ ਦਾ ਲਿਖਿਆ ਨਾਟਕ “ਕਿਰਤੀ ” ਪੇਸ਼ ਕੀਤੇ ਗਏ । 21 ਫਰਵਰੀ ਨੂੰ ਬਰਨਾਲਾ ਵਿੱਚ ਹੋ ਰਹੀ ਮਜ਼ਦੂਰ ਕਿਸਾਨ ਮਹਾਂ ਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਗਿਆ।