ਚੰਡੀਗੜ/ਈਸੜੂ (ਲੁਧਿਆਣਾ), 16 ਅਗਸਤ (ਵਿਸ਼ਵ ਵਾਰਤਾ) -ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਹੀਦਾਂ ਦੇ ਖੂਨ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਵਿੱਚ ਤਬਦੀਲ ਨਹੀਂ ਹੋਣ ਦੇਣਗੇ। ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਅਤੇ ਇਥੋਂ ਦੇ ਲੋਕਾਂ ਨੂੰ ਆਰਥਿਕ ਗੁਲਾਮੀ ਦਾ ਸ਼ਿਕਾਰ ਬਣਾ ਦਿੱਤਾ ਗਿਆ ਹੈ, ਇਸ ਸਥਿਤੀ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ।
ਸ੍ਰੀ ਮਹਿੰਦਰਾ ਨੇ ਇਹ ਵਿਚਾਰ ਅੱਜ ਪਿੰਡ ਈਸੜੂ ਵਿਖੇ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ੍ਰੀ ਮਹਿੰਦਰਾ ਨੇ ਕਿਹਾ ਕਿ ਇਹ ਪੰਜਾਬ ਅਤੇ ਇਥੋਂ ਦੇ ਲੋਕਾਂ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪਿਛਲੇ 10 ਸਾਲਾਂ ਦੌਰਾਨ ਇਥੋਂ ਦੇ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਗਿਆ, ਉਥੇ ਪੰਜਾਬ ਨੂੰ ਆਰਥਿਕ ਪੱਖੋਂ ਬਿਲਕੁਲ ਹੀ ਕੰਗਾਲ ਕਰਕੇ ਰੱਖ ਦਿੱਤਾ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਦੇ ਪੈਸੇ ਦੀ ਰੱਜ ਕੇ ਦੁਰਵਰਤੋਂ ਕੀਤੀ। ਨਤੀਜਾ ਇਹ ਹੋਇਆ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਮੌਕੇ ਪੰਜਾਬ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ। ਹੁਣ ਪੰਜਾਬ ਕੈਪਟਨ ਸਰਕਾਰ ਵੱਲੋਂ ਸੂਬੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਛੇ ਮਹੀਨੇ ਦਾ ਹੋਰ ਸਮਾਂ ਦੇਣ ਤਾਂ ਜੋ ਸੂਬੇ ਇਸ ਆਰਥਿਕ ਸੰਕਟ ਵਿੱਚੋਂ ਕੱਢ ਕੇ ਸੂਬੇ ਦੇ ਯੋਜਨਾਬੱਧ ਵਿਕਾਸ ਨੂੰ ਲੀਹੇ ਪਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਈਸੜੂ ਦੀ ਸਰਕਾਰੀ ਡਿਸਪੈਂਸਰੀ ਦੀ ਛੇ ਮਹੀਨੇ ਵਿੱਚ ਕਾਇਆ ਕਲਪ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕੁਰਬਾਨੀ ਦਾ ਜਜ਼ਬਾ ਸਿੱਖ ਗੁਰੂਆਂ ਤੋਂ ਵਿਰਸੇ ਵਿੱਚ ਮਿਲਿਆ ਹੈ ਅਤੇ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਕੁੱਲ ਆਬਾਦੀ ਵਿੱਚ ਪੰਜਾਬੀਆਂ ਦੀ ਗਿਣਤੀ ਮਹਿਜ਼ ਦੋ ਫੀਸਦੀ ਹੋਣ ਦੇ ਬਾਵਜੂਦ ਪੰਜਾਬੀਆਂ ਵੱਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ, ਕੈਦਾਂ ਅਤੇ ਘੋਰ ਸਜ਼ਾਵਾਂ ਕਿਤੇ ਜਿਆਦਾ ਹਨ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਚੱਲੀਆਂ ਕਈਆਂ ਲਹਿਰਾਂ ਦੀ ਅਗਵਾਈ ਪੰਜਾਬੀਆਂ ਨੇ ਕੀਤੀ। ਉਨ੍ਹਾਂ ਆਜ਼ਾਦੀ ਘੁਲਾਟੀਆਂ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਾਏ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਯੋਗਦਾਨ ਸਾਡੇ ਅੱਜ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਵਿਕਾਸ ਕਰਨ ‘ਚ ਸਹਾਈ ਸਿੱਧ ਹੋਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਨੂੰ ਇਤਿਹਾਸ ਵਿੱਚ ਆਰਥਿਕ ਅੱਤਵਾਦ ਦੇ ਦੌਰ ਦੇ ਨਾਮ ਨਾਲ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਆਪਣੇ ਨਿੱਜੀ ਲਾਭ ਲਈ ਵਰਤਿਆ ਕਿ ਅੱਜ ਪੰਜਾਬ ਆਰਥਿਕ ਤੌਰ ‘ਤੇ ਟੁੱਟ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਸਾਰੇ ਕਾਰੋਬਾਰਾਂ ‘ਤੇ ਕਬਜ਼ਾ ਅਤੇ ਏਕਾਅਧਿਕਾਰ ਸਥਾਪਤ ਕਰਨ ਦੀ ਨੀਅਤ ਨਾਲ ਸੂਬੇ ਨੂੰ ਰੱਜ ਕੇ ਲੁੱਟਿਆ। ਪਿਛਲੇ 10 ਸਾਲਾਂ ਦੇ ਕੁਸ਼ਾਸ਼ਨ ਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਪੰਜਾਬ ਸਰਕਾਰ ਦੇ ਵਾਅਦੇ ‘ਤੇ ਇਤਬਾਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਉਂਦੇ ਸਮੇਂ ਵਿੱਚ 17 ਲੱਖ ਤੋਂ ਵਧੇਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਬਰ ਵਿਰੋਧੀ ਲਹਿਰ ਸ਼ੁਰੂ ਕਰਨ ਨੂੰ ਰਾਜਨੀਤਕ ਡਰਾਮਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਖੁਦ ਜ਼ਬਰ ਕਰਦੇ ਰਹੇ ਹੋਣ, ਉਹ ਲੋਕਾਂ ਵੱਲੋਂ ਚੁਣੀ ਗਈ ਸਰਕਾਰ ‘ਤੇ ਕਿਹੜੇ ਮੂੰਹ ਨਾਲ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੀ ਬਰਗਾੜੀ ਕਾਂਡ, ਅਬੋਹਰ ਖੇਤਰ ਵਿੱਚ ਦਲਿਤ ਦੀ ਦਰਦਨਾਕ ਹੱਤਿਆ, ਮੋਗਾ ਬੱਸ ਕਾਂਡ ਅਤੇ ਹੋਰ ਕਾਂਡ ਹੋਏ। ਇਸ ਤੋਂ ਇਲਾਵਾ ਸਰਕਾਰ ਦੀ ਸ਼ਹਿ ‘ਤੇ ਚੱਲੇ ਨਸ਼ੇ ਦੇ ਦੌਰ ਨੇ ਕਈ ਨੌਜਵਾਨਾਂ ਦੀ ਜਾਨ ਲੈ ਲਈ, 7000 ਤੋਂ ਵਧੇਰੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਦਾ ਨਾਮ ਇਤਿਹਾਸ ਦੇ ਪੰਨਿਆਂ ‘ਤੇ ਕਾਲੇ ਅੱਖ਼ਰਾਂ ਵਿੱਚ ਦਰਜ ਹੋਵੇਗਾ। ਉਨ੍ਹਾਂ ਪਿੰਡ ਈਸੜੂ ਦੇ ਖੇਡ ਸਟੇਡੀਅਮ ਲਈ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਵੋਟ ਦਾ ਮੁੱਲ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਬਾਰੇ ਅਕਾਲੀ ਭਾਜਪਾ ਗਠਜੋੜ ਵੱਲੋਂ ਕਿਸਾਨਾਂ ਨੂੰ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਕਿਸਾਨਾਂ ਦਾ ਕਰਜ਼ਾ ਜਲਦ ਹੀ ਪੂਰੀ ਤਰ੍ਹਾਂ ਮੁਆਫ਼ ਹੋ ਜਾਵੇਗਾ। ਕਰਜ਼ਾ ਮੁਆਫ਼ੀ ਬਾਰੇ ਕੇਂਦਰ ਸਰਕਾਰ ‘ਤੇ ਜਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਦੇਸ਼ ਦਾ ਢਿੱਡ ਭਰਨ ਕਰਕੇ ਚੜਿਆ ਹੈ। ਜਿਸ ਨੂੰ ਰਾਸ਼ਟਰੀ ਮਸਲੇ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਾ ਕਿਸਾਨੀ ਕਰਜ਼ਾ ਮੁਆਫ਼ ਕਰੇ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਨੇ ਕਿਸਾਨੀ ਕਰਜ਼ੇ ਲਾਹੁਣ ਅਤੇ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਬਾਰੇ ਸੋਚਿਆ ਹੁੰਦਾ ਤਾਂ ਅੱਜ ਸੂਬੇ ਦਾ ਕਿਸਾਨ ਖੁਸ਼ਹਾਲ ਹੁੰਦਾ ਅਤੇ ਵਿਕਾਸ ਵਿੱਚ ਦੁੱਗਣਾ ਯੋਗਦਾਨ ਪਾ ਰਿਹਾ ਹੁੰਦਾ।
ਹਲਕਾ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਈਸੜੂ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੇ ਇਸ ਇਲਾਕੇ ਦੇ ਵਿਕਾਸ ਦੀ ਸਾਰ ਲਈ ਹੁੰਦੀ ਤਾਂ ਅੱਜ ਉਨ੍ਹਾਂ ਨੂੰ ਆਪਣੇ ਇਲਾਕੇ ਦੀਆਂ ਮੰਗਾਂ ਸੰਬੰਧੀ ਵੇਰਵਾ ਨਾ ਪੇਸ਼ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਪਿੰਡ ਈਸੜੂ ਅਤੇ ਹਲਕਾ ਖੰਨਾ ਪਿਛਲੇ ਸਮੇਂ ਦੌਰਾਨ ਵਿਕਾਸ ਪੱਖੋਂ ਕਾਫੀ ਪਛੜ ਗਏ ਹਨ। ਉਨ੍ਹਾਂ ਮੁੱਖ ਮਹਿਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਦਿਸ਼ਾ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਵਿਸ਼ੇਸ਼ ਮੀਟਿੰਗ ਕਰਨ ਤਾਂ ਜੋ ਇਸ ਹਲਕੇ ਦੇ ਵਿਕਾਸ ਨੂੰ ਅੱਗੇ ਤੋਰਿਆ ਜਾ ਸਕੇ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸਮੇਤ ਸਾਰੀਆਂ ਸਖ਼ਸ਼ੀਅਤਾਂ ਨੇ ਸ਼ਹੀਦ ਕਰਨੈਲ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ, ਵਿਧਾਇਕ ਸ੍ਰ. ਲਖ਼ਬੀਰ ਸਿੰਘ ਲੱਖਾ, ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ, ਵਿਧਾਇਕ ਸ੍ਰ. ਕੁਲਜੀਤ ਸਿੰਘ ਨਾਗਰਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਖੰਨਾ ਸ੍ਰ. ਨਵਜੋਤ ਸਿੰਘ ਮਾਹਲ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ੍ਰ. ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਡਾ. ਅਮਰ ਸਿੰਘ ਤੋਂ ਇਲਾਵਾ ਕਈ ਉੱਚ ਅਧਿਕਾਰੀ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
Latest News : ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਸ਼ਰੂ
Latest News : ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਸ਼ਰੂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜਨਵਰੀ(ਸਤੀਸ਼ ਕੁਮਾਰ ਪੱਪੀ) ਭਾਰਤੀ ਹਵਾਈ...