ਲੋਕ ਨਿਰਮਾਣ ਮੰਤਰੀ ਮੰਗਲਵਾਰ ਨੂੰ ਰੱਖਣਗੇ ਚੁਗਿੱਟੀ-ਲੱਧੇਵਾਲੀ ਆਰਓਬੀ ਦਾ ਨੀਂਹ ਪੱਥਰ
ਵਿਧਾਇਕ ਬੇਰੀ ਨੇ ਲਿਆ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ, ਕਿਹਾ- ਇਸ ਪ੍ਰਾਜੈਕਟ ਨਾਲ ਸਮੁੱਚੇ ਸ਼ਹਿਰ ਨੂੰ ਮਿਲੇਗਾ ਲਾਭ
ਜਲੰਧਰ, 27 ਦਸੰਬਰ (ਵਿਸ਼ਵ ਵਾਰਤਾ)- ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਤੋਹਫਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੁਗਿੱਟੀ-ਲੱਧੇਵਾਲੀ ਰੋਡ ਰੇਲਵੇ ਕਰਾਸਿੰਗ ‘ਤੇ 23.46 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਕੇਂਦਰੀ ਤੋਂ ਵਿਧਾਇਕ ਸ੍ਰੀ ਰਜਿੰਦਰ ਬੇਰੀ, ਜਿਨ੍ਹਾਂ ਦੇ ਨਿਰੰਤਰ ਯਤਨਾਂ ਸਦਕਾ ਇਹ ਆਰਓਬੀ ਹਕੀਕਤ ਬਣਨ ਜਾ ਰਿਹਾ ਹੈ, ਨੇ ਕਿਹਾ ਕਿ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਮੰਗਲਵਾਰ (29 ਦਸੰਬਰ) ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।
ਸ੍ਰੀ ਬੇਰੀ, ਜਿਨ੍ਹਾਂ ਮੌਕੇ ‘ਤੇ ਪੁਹੰਚ ਕੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਨੇ ਕਿਹਾ ਕਿ ਇਹ ਰੇਲਵੇ ਕਰਾਸਿੰਗ ਦੇ ਦੋਵੇਂ ਪਾਸਿਆਂ ‘ਤੇ ਰਹਿਣ ਵਾਲੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਅਤੇ ਇਸ ਆਰਓਬੀ ਦੇ ਨਿਰਮਾਣ ਨਾਲ ਉਨ੍ਹਾਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਰੇਲਵੇ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਾਰਨ ਰੇਲਵੇ ਕ੍ਰਾਸਿੰਗ ਦਿਨ ਵਿੱਚ ਜ਼ਿਆਦਾਤਰ ਘੰਟੇ ਬੰਦ ਰਹਿੰਦੀ ਸੀ।
ਵਿਧਾਇਕ ਨੇ ਕਿਹਾ ਕਿ ਫਾਟਕ ਬੰਦ ਰਹਿਣ ਕਾਰਨ ਦੋਵਾਂ ਪਾਸਿਆਂ ਦੇ ਖੇਤਰ ਅਕਸਰ ਜ਼ਿਆਦਾ ਸਮੇਂ ਇੱਕ ਦੂਜੇ ਤੋਂ ਕਟੇ ਰਹਿੰਦੇ ਸਨ । ਉਨ੍ਹਾਂ ਕਿਹਾ ਕਿ ਆਮ ਦਿਨਾਂ ਦੌਰਾਨ ਅਤੇ ਐਮਰਜੈਂਸੀ ਵੇਲੇ ਵੀ ਵਸਨੀਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼੍ਰੀ ਬੇਰੀ ਨੇ ਕਿਹਾ ਕਿ ਇਸ ਆਰਓਬੀ ਦੇ ਨਿਰਮਾਣ ਨਾਲ ਵਸਨੀਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ।
ਵਿਧਾਇਕ ਨੇ ਕਿਹਾ ਕਿ ਇਹ ਆਰਓਬੀ ਦੋ ਸਾਲਾਂ ਦੀ ਮਿਆਦ ਵਿਚ ਪੂਰਾ ਹੋਵੇਗਾ ਅਤੇ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿਚ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸਹੂਲਤ ਦੇਣ ਵਿਚ ਸਹਾਇਕ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਤੋਂ ਇਲਾਵਾ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਵਚਨਬੱਧ ਹੈ। ਸ੍ਰੀ ਬੇਰੀ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਨੇਕ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।