ਅਤਿ-ਆਧੁਨਿਕ ਤਕਨੀਕ ਰਾਹੀਂ ਸੰਗਤ ਨੂੰ ਫੌਰੀ ਦਿੱਤੀਆਂ ਜਾਂਦੀਆਂ ਹਨ ਮਿਆਰੀ ਸੇਵਾਵਾਂ
ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 11 ਨਵੰਬਰ
ਪੰਜਾਬ ਪੁਲੀਸ ਦੀਆਂ ਪੁਖਤਾ ਐਮਰਜੈਂਸੀ ਸੇਵਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਆ ਰਹੇ ਵੱਡੀ ਗਿਣਤੀ ਸ਼ਰਧਾਲੂਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ।
ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਇਸ ਨਗਰੀ ਦੇ ਅਹਿਮ ਸਥਾਨਾਂ ‘ਤੇ ਪੁਲੀਸ ਦੇ 115 ਵਾਹਨ, 35 ਫਾਇਰ ਬ੍ਰਿਗੇਡ ਗੱਡੀਆਂ, 27 ਐਂਬੂਲੈਂਸਾਂ ਤੇ 23 ਰਿਕਵਰੀ ਵੈਨਾਂ ਸੇਵਾਵਾਂ ਦੇ ਰਹੀਆਂ ਹਨ। ਵੱਡੀ ਗਿਣਤੀ ਸੰਗਤ ਦੀ ਆਮਦ ਦੇ ਮੱਦੇਨਜ਼ਰ ਇਸ ਸ਼ਹਿਰ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ ਤੇ ਇੰਟੇਗਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਵਿਚ ਅਤਿ-ਆਧੁਨਿਕ ਸਿਸਟਮ ਰਾਹੀਂ ਇਨਾਂ ਸੈਕਟਰਾਂ ਵਿਚ ਹੋ ਰਹੀਆਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਨਾਂ ਸੈਕਟਰਾਂ ਵਿਚ 24 ਘੰਟੇ ਨਿਗਰਾਨੀ ਲਈ 24 ਪੁਲੀਸ ਅਫਸਰ ਤਾਇਨਾਤ ਕਰਨ ਦੇ ਨਾਲ ਨਾਲ 1000 ਕੈਮਰੇ ਲਾਏ ਹੋਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਨਾਂ ਸਾਰੇ ਪ੍ਰਬੰਧਾਂ ਦਾ ਮੁੱਖ ਮਕਸਦ ਸ਼ਰਧਾਲੂਆਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਜ਼ਰੂਰਤ ਪੈਣ ‘ਤੇ ਫੌਰੀ ਤੇ ਮਿਆਰੀ ਸੇਵਾਵਾਂ ਦੇਣਾ ਹੈ। ਜਿਵੇਂ ਹੀ ਕਿਸੇ ਐਮਰਜੈਂਸੀ ਵਾਹਨ ਦੀ ਜ਼ਰੂਰਤ ਸਬੰਧੀ ਸੂਚਨਾ ਮਿਲਦੀ ਹੈ ਤਾਂ ਨੇੜਲੀ ਜਗਾ ‘ਤੇ ਤਾਇਨਾਤ ਵਾਹਨ ਫੌਰੀ ਭੇਜ ਦਿੱਤਾ ਜਾਂਦਾ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਤਰੀਕੇ ਪੁਲੀਸ-ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਨਾਲ ਨਾਲ ਮਿਆਰੀ ਸਿਹਤ ਸੇਵਾਵਾਂ, ਫਾਇਰ ਸੇਫਟੀ ਤੇ ਸੁਚਾਰੂ ਟ੍ਰੈਫਿਕ ਪ੍ਰਬੰਧ ਯਕੀਨੀ ਬਣਾਏ ਗÂਂੇ ਹਨ ਤਾਂ ਜੋ ਇਸ ਪਵਿੱਤਰ ਨਗਰੀ ਵਿਖੇ ਨਤਮਸਤਕ ਹੋਣ ਆ ਰਹੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।