*ਵਜ਼ੀਫ਼ਾ ਘੋਟਾਲੇ ਲਈ ਜ਼ਿੰਮੇਵਾਰ ਸਾਧੂ ਸਿੰਘ ਧਰਮਸੋਤ ਖ਼ਿਲਾਫ਼ 6 ਅਗਸਤ ਨੂੰ ‘ਆਪ’ ਕਰੇਗੀ ਪੁੱਤਲਾ ਫੂਕ ਰੋਸ ਪ੍ਰਦਰਸ਼ਨ: ਮੇਘ ਚੰਦ*
*-ਹਰਚੰਦ ਸਿੰਘ ਬਰਸਟ ਅਤੇ ਗਗਨਦੀਪ ਸਿੰਘ ਚੱਢਾ ਕਰਨਗੇ ਰੋਸ ਪ੍ਰਦਰਸ਼ਨ ਦੀ ਅਗਵਾਈ: ਤੇਜਿੰਦਰ ਮਹਿਤਾ*
ਪਟਿਆਲਾ, 5 ਅਗਸਤ : ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਵਜ਼ੀਫ਼ਾ ਰਾਸ਼ੀ ਵਿੱਚ ਕਰੋੜਾਂ ਰੁਪਏ ਦਾ ਘੋਟਾਲਾ ਕਰਨ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੰਤਰੀ ਮੰਡਲ ਵਿਚੋਂ ਬਰਖ਼ਾਸਤਗੀ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 6 ਅਗਸਤ ਨੂੰ ਨਾਭਾ ਗੇਟ ਪਟਿਆਲਾ ਵਿਖੇ ਸਵੇਰੇ 10 ਵਜੇ ਪੁੱਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮੇਘ ਚੰਦ ਸ਼ੇਰਮਾਜਰਾ ਅਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
‘ਆਪ’ ਆਗੂਆਂ ਮੇਘ ਚੰਦ ਸ਼ੇਰਮਾਜਰਾ ਅਤੇ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡਾਂ ਵਿੱਚ ਕਰੋੜਾਂ ਦਾ ਘੁਟਾਲਾ ਕਰਕੇ ਦਲਿਤ ਵਰਗ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕੀਤਾ, ਜਿਸ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੀ.ਬੀ.ਆਈ ਇਸ ਵਜ਼ੀਫ਼ਾ ਘੁਟਾਲੇ ਦੀ ਜਾਂਚ ਕਰ ਰਹੀ ਹੈ ਤਾਂ ਕੈਪਟਨ ਸਰਕਾਰ ਏਸ ਏਜੰਸੀ ਨੂੰ ਸਹਿਯੋਗ ਨਹੀਂ ਦੇ ਰਹੀ, ਜਿਸ ਤੋਂ ਸਿੱਧ ਹੁੰੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਮਾਊ ਪੁੱਤ ਸਾਧੂ ਸਿੰਘ ਧਰਮਸੋਤ ਨੂੰ ਬਚਾਅ ਰਹੇ ਹਨ। ਆਪ ਆਗੂਆਂ ਨੇ ਕਿਹਾ ਵਜ਼ੀਫ਼ਾ ਘੁਟਾਲਾ ਦਾ ਸੱਚ ਸਾਹਮਣੇ ਲਿਆਉਣ ਲਈ ਕੈਪਟਨ ਸਰਕਾਰ ਸੀ.ਬੀ.ਆਈ ਜਾਂਚ ਵਿੱਚ ਸਹਿਯੋਗ ਕਰੇ ਤਾਂ ਜੋ ਭ੍ਰਿਸ਼ਟ ਮੰਤਰੀ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਸਕੇ।
ਜ਼ਿਲ੍ਹਾ ਪ੍ਰਧਾਨਾਂ ਨੇ ਅੱਗੇ ਦੱਸਿਆ ਕਿ 6 ਅਗਸਤ ਨੂੰ ‘ਆਪ’ ਵੱਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਵੱਲੋਂ ਕੀਤੀ ਜਾਵੇਗੀ, ਜਦੋਂ ਕਿ ਇਸ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਲਈ ਹਲਕਾ ਨਾਭਾ ਦੇ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਸਮੇਤ ਪਾਰਟੀ ਦੇ ਅਹੁੱਦੇਦਾਰਾਂ, ਵਿੰਗਾਂ ਦੇ ਅਹੁਦੇਦਾਰਾਂ, ਬਲਾਕ ਤੇ ਸਰਕਲ ਪ੍ਰਧਾਨਾਂ ਅਤੇ ਸਮੂਹ ਵਲੰਟੀਅਰਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।