ਵੋਟ ਦੀ ਓਟ ਚ ਕਾਂਗਰਸ ਤੇ ਗੱਠਜੋੜ ਦੀ ਨੀਅਤ ਚ ਖੋਟ
— ਕਾਂਗਰਸ ਨੇ ਦਹਾਕਿਆਂ ਤਕ ਘੱਟ ਗਿਣਤੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ, ਪਰ ਹੁਣ ਨਹੀਂ
— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਸਰਜਨ ਵਾਂਗ ਕਾਂਗਰਸ ਦੇ ਮੈਨੀਫੈਸਟੋ ਦਾ ਕੀਤਾ ਪੋਸਟਮਾਰਟਮ
ਚੰਡੀਗੜ੍ਹ ਅਪ੍ਰੈਲ 24 (ਵਿਸ਼ਵ ਵਾਰਤਾ):- ਕਾਂਗਰਸ ਨੇ ਦਹਾਕਿਆਂ ਤਕ ਘੱਟ ਗਿਣਤੀਆਂ ਖਾਸ ਤੌਰ ਉਤੇ ਮੁਸਲਿਮ ਭਾਈਚਾਰੇ ਨੂੰ ਸਿਆਸੀ ਹਥਿਆਰ ਵਜੋਂ ਵਰਤ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ, ਪਰ ਹੁਣ ਨਹੀਂ, ਕਿਉਂਕਿ ਹੁਣ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨਿਆਂ ਦਾ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈ। ਬੀਤੇ ਦਿਨ ਹੀ ਕਾਂਗਰਸ ਦੇ ਮੈਨੀਫੈਸਟੋ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੀ ਇੱਕ ਚੋਣ ਸਭਾ ਚ ਇੱਕ ਸਿਆਸੀ ਸਰਜਨ ਵਾਂਗ ਪੋਸਟਮਾਰਟਮ ਕੀਤਾ, ਜਿਸ ਦੀ ਰਿਪੋਰਟ ਹੁਣ ਭਾਰਤ ਦੇ ਹਰ ਘਰ ਚ ਪਹੁੰਚਾਈ ਜਾਵੇਗੀ।
ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਤੇ ਸੂਬਾਈ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਗਰੇਵਾਲ ਨੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਇਕ ਵਾਰ ਫਿਰ ਘੱਟ ਗਿਣਤੀਆਂ ਨੂੰ ਵੱਧ ਅਧਿਕਾਰਾਂ ਦੇ ਨਾਂ ਹੇਠ ਗੁਮਰਾਹ ਕਰਨ ਤੇ ਹੋਰਨਾਂ ਵਰਗਾਂ ਦੇ ਹੱਕਾਂ ਦੀ ਲੁੱਟ ਕਰਨ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਸਭਾਵਾਂ ਚ ਵਜ਼ਨਦਾਰ ਦਲੀਲਾਂ ਖਾਸ ਤੌਰ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਇੱਕ ਭਾਸ਼ਣ ਨੂੰ ਵੀ ਕੋਟ ਕੀਤਾ ਹੈ, ਜਿਸ ਚ ਉਹ ਸਾਫ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਦੇਸ਼ ਦੀਆਂ ਜਾਇਦਾਦਾਂ ਉੱਤੇ ਸਭ ਤੋਂ ਪਹਿਲਾਂ ਹੱਕ ਮੁਸਲਮਾਨ ਭਾਈਚਾਰੇ ਦਾ ਹੈ।
ਸਾਰਿਆਂ ਦੇ ਸਾਹਮਣੇ ਹੀ ਹੈ ਕਿ ਕਾਂਗਰਸ ਇਸ ਦੇ ਜਵਾਬ ਵਿੱਚ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੈ, ਪਰ ਉਸ ਦੇ ਆਗੂਆਂ ਕੋਲ ਪ੍ਰਧਾਨ ਮੰਤਰੀ ਦੇ ਤਰਕਾਂ ਦਾ ਕੋਈ ਵੀ ਢੁੱਕਵਾਂ ਜਵਾਬ ਨਹੀਂ ਹੈ।
ਗਰੇਵਾਲ ਨੇ ਕਿਹਾ ਕਿ ਭਾਜਪਾ ਦੀ ਸੋਚ ਕਿ ਪੂਰਾ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਿਵਾਰ ਹੈ, ਦੇ ਤਹਿਤ ਹੀ ਦੇਸ਼ ਦੇ ਪ੍ਰਧਾਨ ਸੇਵਕ ਨੇ ਭਾਰਤ ਵਾਸੀਆਂ ਨੂੰ ਸਾਵਧਾਨ ਵੀ ਕੀਤਾ ਹੈ ਕਿ ਕਾਂਗਰਸ ਤੁਹਾਡੀਆਂ ਜਾਇਦਾਦਾਂ, ਗਹਿਣੇ ਗੱਟੇ ਅਤੇ ਨੋਟਾਂ ਉੱਤੇ ਨੀਅਤ ਖੋਟੀ ਕਰਕੇ ਬੈਠੀ ਹੈ।
ਗਰੇਵਾਲ ਨੇ ਕਿਹਾ ਕਿ ਇਸ ਵਾਰ ਦੀ ਚੋਣ ਸਿਰਫ ਵੋਟ ਦੀ ਚੋਣ ਨਹੀਂ ਹੈ, ਸਗੋਂ ਵੋਟ ਦੇ ਨਾਲ ਨਾਲ ਨੋਟ ਨੂੰ ਬਚਾਉਣ ਦੀ ਚੋਣ ਵੀ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਭਾਜਪਾ ਦੇ ਸੂਬਾਈ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਕਿ ਕਾਂਗਰਸ ਤੇ ਉਸ ਦੇ ਗੱਠਜੋੜ ਨੂੰ ਇਕ ਠੱਗਜੋੜ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਕਥਨੀ ਨਹੀਂ ਹੋਵੇਗੀ, ਕਿਉਂ ਦੇਸ਼ ਭਰ ਚ ਸਿਆਸੀ ਤੌਰ ਉਤੇ ਹਾਸ਼ੀਏ ਉੱਤੇ ਪਹੁੰਚਣ ਦੇ ਬਾਵਜੂਦ ਕਾਂਗਰਸ ਦੀ ਸਿਆਸੀ ਪਹੁੰਚ ਦਹਾਕਿਆਂ ਪੁਰਾਣੀ ਹੈ।
ਕਾਂਗਰਸ ਜਿਸ ਨੇ ਘੱਟ ਗਿਣਤੀਆਂ ਖਾਸ ਤੌਰ ਉੱਤੇ ਮੁਸਲਿਮ ਭਾਈਚਾਰੇ ਨੂੰ ਗੁੰਮਰਾਹ ਕਰਕੇ ਹਮੇਸ਼ਾ ਇੱਕ ਵੋਟ ਬੈਂਕ ਵਜੋਂ ਵਰਤਿਆ, ਹੁਣ ਵੀ ਸੱਤਾ ਦੀ ਲਾਲਸਾ ਚ ਉਸੇ ਨਕਸ਼ੇ ਕਦਮ ਉੱਤੇ ਚੱਲ ਰਹੀ ਹੈ।
ਕਾਂਗਰਸ ਦਾ ਮੈਨੀਫੈਸਟੋ ਇਸ ਦੀ ਉਘੜਵੀਂ ਉਦਾਹਰਣ ਹੈ, ਕਿ ਕਿਵੇਂ ਘੱਟ ਗਿਣਤੀਆਂ ਨੂੰ ਵੱਧ ਅਧਿਕਾਰਾਂ ਦੇ ਨਾਂ ਹੇਠ ਗੁੰਮਰਾਹ ਕਰਕੇ ਲੁੱਟ ਖਸੁੱਟ ਤੇ ਰਾਜਨੀਤੀ ਨੂੰ ਆਮ ਜਨਤਾ ਦਾ ਵਿਕਾਸ ਕਰਨ ਦੀ ਥਾਂ ਆਪਣੇ ਘਰ ਭਰਨ ਲਈ ਵਰਤਿਆ ਜਾਵੇ।
ਜੋਸ਼ੀ ਨੇ ਕਿਹਾ ਕਿ ਭਾਜਪਾ, ਕਾਂਗਰਸ ਦੇ ਖੋਟਨੁਮਾ ਮੈਨੀਫੈਸਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਪੋਸਟਮਾਰਟਮ ਦੀ ਰਿਪੋਰਟ ਹਰ ਘਰ ਚ ਪਹੁੰਚਾਏਗੀ, ਤਾਂ ਕਿ ਸੂਬੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਵਿਕਾਸ ਦੇ ਏਜੰਡੇ ਤੋਂ ਜਾਣੂ ਕਰਵਾਇਆ ਜਾ ਸਕੇ ਤੇ ਰਾਜ ਚ ਕਾਂਗਰਸ ਤੇ ਗੱਠਜੋੜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਜਿੱਥੇ ਸੂਬੇ ਚ ਮੌਜੂਦਾ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ, ਉੱਥੇ ਕਾਂਗਰਸ ਅਤੇ ਗੱਠਜੋੜ ਪਾਰਟੀਆਂ ਦੇ ਆਮ ਲੋਕਾਂ ਨੂੰ ਵੰਡ ਵੰਡਣ ਵਾਲੇ ਤੇ ਜਾਤ ਅਧਾਰਿਤ ਚੋਣ ਏਜੰਡੇ ਨੂੰ ਵੀ ਘਰਘਰ ਪਹੁੰਚਾਇਆ ਜਾਵੇਗਾ। ਤਾਂ ਕਿ ਬਾਕੀ ਦੇਸ਼ ਵਾਂਗ ਪੰਜਾਬ ਨੂੰ ਵੀ ਮੁੜ ਕੇ ਵਿਕਾਸ ਦੀਆਂ ਲੀਹਾਂ ਉੱਥੇ ਤੋਰਿਆ ਜਾ ਸਕੇ।