ਵੇ ਵੀਰੋ ਵੇ ਅੰਮੜੀ ਜਾਇਓ – ਗੁਰਭਜਨ ਗਿੱਲ
ਵੇ ਵੀਰੋ ਵੇ ਅੰਮੜੀ ਜਾਇਉ! ਸਾਨੂੰ ਤੁਰਤ ਹਿਸਾਬ ਦਿਉ ।
ਸਾਨੂੰ ਡਰ ਕਿਉਂ ਵੱਢ ਵੱਢ ਖਾਵੇ, ਇਸ ਦਾ ਸਾਫ਼ ਜਵਾਬ ਦਿਉ ।
ਪੜ੍ਹਨ ਸਕੂਲੇ ਜਦ ਵੀ ਜਾਈਏ, ਡਰੀਏ ਜ਼ਾਲਮ ਡਾਰਾਂ ਤੋਂ ।
ਇੱਜ਼ਤ ਪੱਤ ਦੀ ਰਾਖੀ ਵਾਲੀ, ਆਸ ਨਹੀਂ ਸਰਕਾਰਾਂ ਤੋਂ ।
ਕਿਉਂ ਨਹੀਂ ਸਾਡੀ ਸ਼ਕਤੀ ਬਣਦੇ, ਪੁੱਤਰੋ ਦੇਸ ਪੰਜਾਬ ਦਿਉ ।
ਪੰਜ ਸਦੀਆਂ ਤੋਂ ਬਾਦ ਅਜੇ ਵੀ ਕਹਿੰਦੇ ਅਬਲਾ ਨਾਰੀ ਹੈ ।
ਸ਼ੇਰਾਂ ਜਹੇ ਪੁੱਤ ਜੰਮਣ ਵਾਲੀ, ਅੱਜ ਵੀ ਕਹਿਣ ਵਿਚਾਰੀ ਹੈ ।
ਕਿੱਧਰ ਨੂੰ ਇਨਸਾਫ਼ ਤੁਰ ਗਿਆ, ਇਸ ਦਾ ਸਾਫ਼ ਜਵਾਬ ਦਿਉ ।
ਪਿੰਡਾਂ ਤੇ ਸ਼ਹਿਰਾਂ ਵਿੱਚ ਰੁਲਦੀਆਂ, ਇੱਜ਼ਤ ਪੱਤ ਦੀਆਂ ਲੀਰਾਂ ਨੇ ।
ਹੋਰ ਕਿਸੇ ਨਾ ਡੋਲੀਆਂ ਲੁੱਟੀਆਂ,ਜਦ ਵੀ ਲੁੱਟੀਆਂ ਵੀਰਾਂ ਨੇ ।
ਧੀ ਨਾ ਭੈਣ ਦਾ ਰਿਸ਼ਤਾ ਚੇਤੇ, ਬਣੇ ਗੁਲਾਮ ਸ਼ਰਾਬ ਦਿਉ ।
ਸਾਡਾ ਹੱਕ ਵੀ ਇਸ ਧਰਤੀ ਤੇ, ਪੁੱਤਰਾਂ ਜੇਡ ਬਰਾਬਰ ਹੈ ।
ਕਿਉਂ ਗੁਰੂਆਂ ਦੀ ਧਰਤੀ ਉੱਤੇ, ਅੱਜ ਵੀ ਘੋਰ ਨਿਰਾਦਰ ਹੈ ।
ਸ਼ਬਦ ਗੁਰੂ ਸਾਡਾ ਵੀ ਓਨਾ, ਸਾਡੇ ਹੱਥ ਕਿਤਾਬ ਦਿਉ ।
ਬਾਬਲ ਦੀ ਪੱਗ ਮਾਂ ਦੀ ਚੁੰਨੀ, ਜੇ ਕਹਿੰਦੇ ਨੇ ਧੀਆਂ ਨੂੰ ।
ਸਮਝ ਕਿਉਂ ਨਹੀਂ ਆਉਂਦੀ ਏਥੇ, ਇਸ ਧਰਤੀ ਦੇ ਜੀਆਂ ਨੂੰ ।
ਪੱਤੀ ਪੱਤੀ ਭੁਰ ਚੱਲੇ ਹੋ, ਗੁੱਛਿਓ ਸੁਰਖ਼ ਗੁਲਾਬ ਦਿਉ ।
ਵੇ ਵੀਰੋ! ਵੇ ਅੰਮੜੀ ਜਾਇਓ, ਸਾਨੂੰ ਤੁਰਤ ਹਿਸਾਬ ਦਿਉ ।
ਸਾਨੂੰ ਡਰ ਕਿਉਂ ਵੱਢ ਵੱਢ ਖਾਵੇ, ਇਸ ਦਾ ਸਾਫ਼ ਜਵਾਬ ਦਿਉ।