ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੋਗਾ ਦੀ ਅਦਾਲਤ ਵਿੱਚ ਹੋਏ ਪੇਸ਼, ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ 18 ਫਰਵਰੀ(ਵਿਸ਼ਵ ਵਾਰਤਾ ਬਿਓਰੋ) – 2020 ਦੇ ਇੱਕ ਮਾਮਲੇ ਵਿੱਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬੀਤੇ ਕੱਲ੍ਹ ਮੋਗਾ ਅਦਾਲਤ ਵਿੱਚ ਪੇਸ਼ ਹੋਏ। ਜ਼ਿਕਰਯੋਗ ਹੈ ਕਿ 10 ਜੂਨ 2020 ਨੂੰ ਕਾਂਗਰਸ ਸਰਕਾਰ ਵੇਲੇ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਖਿਲਾਫ਼ 100 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਲਗਾਏ ਸੀ। ਜਿਸ ਤੋਂ ਬਾਅਦ ਹਰਜੋਤ ਕਮਲ ਦੇ ਵੱਲੋਂ ਅਦਾਲਤ ਵਿਚ ਸ਼ਿਕਾਇਤ ਦਾਇਰ ਕੀਤੀ ਗਈ ਸੀ। ਹਰਪਾਲ ਚੀਮਾ ਨੂੰ 14 ਅਕਤੂਬਰ 2022 ਨੂੰ ਅਦਾਲਤ ਵੱਲੋਂ ਇਸ ਮਾਮਲੇ ਵਿਚ ਦੋਸ਼ੀ ਵਜੋਂ ਤਲਬ ਕੀਤਾ ਗਿਆ ਸੀ ਅਤੇ ਸੰਮਨ ਤੋਂ ਬਾਅਦ 17 ਜਨਵਰੀ ਨੂੰ ਆਪਣਾ ਜ਼ਮਾਨਤ ਬਾਂਡ ਜਮ੍ਹਾਂ ਕਰਨ ਤੋਂ ਬਾਅਦ 4 ਫਰਵਰੀ ਨੂੰ ਮਾਣਯੋਗ ਜੱਜ ਵੱਲੋਂ ਅਗਲੀ ਪੇਸ਼ੀ ਲਈ 17 ਫਰਵਰੀ ਮਿਥੀ ਗਈ ਸੀ, ਜਿਸ ਦੇ ਤਹਿਤ ਬੀਤੇ ਕੱਲ੍ਹ ਹਰਪਾਲ ਸਿੰਘ ਚੀਮਾ ਦੀ ਕੋਰਟ ਵਿਚ ਪੇਸ਼ੀ ਹੋਈ। ਮਾਣਯੋਗ ਜੱਜ ਨੇ ਅਗਲੀ ਮਿਤੀ 4 ਮਾਰਚ ਮਿਥੀ ਹੈ।