ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਹਨ ‘ਆਪ’ ਸਰਕਾਰ ਦਾ ਪਹਿਲਾ ਬਜਟ
ਮੁਫਤ ਬਿਜਲੀ,ਨਵੇਂ ਟੈਕਸ,ਨਵੀਆਂ ਨੌਕਰੀਆਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਲੈ ਕੇ ਕੀਤੇ ਕਈ ਵੱਡੇ ਐਲਾਨ
ਟੈਕਸ ਚੋਰੀ ਨੂੰ ਰੋਕਣ ਲਈ ਟੈਕਸ ਇੰਟੈਲੀਜੈਂਸ ਯੂਨਿਟ ਸਥਾਪਤ ਕਰਨ ਦਾ ਵੀ ਕੀਤਾ ਐਲਾਨ
ਚੰਡੀਗੜ੍ਹ,27 ਜੂਨ(ਵਿਸ਼ਵ ਵਾਰਤਾ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦੇ ਹੋਏ ਚੀਮਾ ਨੇ ਕਿਹਾ ਕਿ 2011-12 ਵਿੱਚ ਪੰਜਾਬ ਨੂੰ ਕੇਂਦਰ ਤੋਂ 23 ਫੀਸਦੀ ਆਮਦਨ ਹੋਈ ਸੀ। ਇਹ ਆਮਦਨ 2021-22 ਵਿੱਚ ਵਧ ਕੇ 46% ਹੋ ਗਈ। ਇਸ ਸਮੇਂ ਦੌਰਾਨ ਰਾਜ ਦਾ ਟੈਕਸ 72% ਤੋਂ ਘਟ ਕੇ 48% ਰਹਿ ਗਿਆ। ਇਸ ‘ਚ 24 ਫੀਸਦੀ ਦੀ ਕਮੀ ਆਈ ਹੈ। ਜਿਸ ਕਾਰਨ ਪੰਜਾਬ ਆਪਣੀ ਕਮਾਈ ਦੀ ਬਜਾਏ ਕੇਂਦਰ ‘ਤੇ ਨਿਰਭਰ ਰਿਹਾ ਹੈ। ਚੀਮਾ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੇ ਪੱਧਰ ‘ਤੇ ਟੈਕਸ ਚੋਰੀ ਕੀਤੀ ਹੈ। ਟੈਕਸ ਚੋਰੀ ਨੂੰ ਰੋਕਣ ਅਤੇ ਪਾਰਦਰਸ਼ਤਾ ਵਧਾਉਣ ਲਈ ਸਰਕਾਰ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ ਕਰਨ ਜਾ ਰਹੀ ਹੈ।
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਪਹਿਲੇ ਸਾਲ ਵਿੱਚ ਹੀ 26454 ਆਸਾਮੀਆਂ ਭਰਨ ਦੀ ਕਾਰਵਾਈ ਆਰੰਭੀ ਹੈ ਅਤੇ ਠੇਕੇ ਦੇ ਅਧਾਰ ਉੱਤੇ ਕੰਮ ਕਰ ਰਹੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਵੀ ਸਰਕਾਰ ਵੱਲੋਂ ਜਲਦ ਰੈਗੂਲਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਸਰਕਾਰ ਦਾ ਧਿਆਨ ਵਿਗੜ ਰਹੀ ਵਿੱਤੀ ਸਥਿਤੀ ਨੂੰ ਬਹਾਲ ਕਰਨਾ, ਆਮਦਨ ਵਧਾਉਣਾ, ਕਰਜ਼ਾ ਘਟਾਉਣਾ ਅਤੇ ਜਨਤਕ ਫੰਡਾਂ ਦੀ ਪ੍ਰਭਾਵਸ਼ਾਲੀ ਅਤੇ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ।ਸਰਕਾਰ ਦਾ ਧਿਆਨ ਸਿਹਤ ਅਤੇ ਸਿੱਖਿਆ ‘ਤੇ ਹੋਵੇਗਾ।
ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਵਿਧਾਇਕ ਇਕ ਪੈਨਸ਼ਨ ਤੋਂ ਸਾਲਾਨਾ 19 ਕਰੋੜ 53 ਲੱਖ ਰੁਪਏ ਦੀ ਬਚਤ ਹੋਵੇਗੀ। ਇਸ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਵਿੱਤ ਮੰਤਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਜ਼ਿਲ੍ਹਿਆਂ ਜਿਵੇਂ ਤਰਨਤਾਰਨ, ਬਰਨਾਲਾ, ਲੁਧਿਆਣਾ, ਫਾਜ਼ਿਲਕਾ, ਮਲੇਰਕੋਟਲਾ, ਮੋਗਾ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਿੱਤੀ ਸਾਲ 2022-23 ਵਿੱਚ 30 ਕਰੋੜ ਰੁਪਏ ਅਲਾਟ ਕੀਤੇ ਗਏ ਹਨ।