ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਵਿਖੇ ਨਗਰ ਕੌਸਲਰਾਂ ਸਮੇਤ ਹੋਰਨਾਂ ਨਾਲ ਕੀਤੀ ਮੁਲਾਕਾਤ
ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਬਠਿੰਡਾ, 10 ਸਤੰਬਰ (ਵਿਸ਼ਵ ਵਾਰਤਾ)ਬਠਿੰਡਾ ਸ਼ਹਿਰ ਵਿਚ 27 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਆਫ ਦਾ ਆਰਟ ਆਡੀਟੋਰੀਅਮ ਦਾ ਨਿਰਮਾਣ ਜਲਦ ਸ਼ੁਰੂ ਹੋਵੇਗਾ ਜਦ ਕਿ ਮਲਟੀ ਸਟੋਰੀ ਪਾਰਕਿੰਗ ਦਾ ਨਿਰਮਾਣ ਵੀ ਛੇਤੀ ਸ਼ੁਰੂ ਕਰਨ ਲਈ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ। ਇਹ ਜਾਣਕਾਰੀ ਬਠਿੰਡਾ ਦੇ ਵਿਧਾਇਕ ਅਤੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਨਗਰ ਨਿਗਮ ਦੇ ਕੌਂਸਲਰਾਂ ਨਾਲ ਬੈਠਕ ਦੌਰਾਨ ਦਿੱਤੀ।
ਵਿੱਤ ਮੰਤਰੀ ਨੇ ਚੁਣੇ ਹੋਏ ਨੁੰਮਾਇੰਦਿਆਂ ਨਾਲ ਲਗਾਤਾਰ ਸੰਵਾਦ ਬਣਾ ਕੇ ਵਿਕਾਸ ਨੂੰ ਤੇਜ਼ ਕਰਨ ਲਈ ਆਪਣੀ ਪਹਿਲ ਕਦਮੀ ਤਹਿਤ ਕੌਂਸਲਰਾਂ ਨਾਲ ਦੂਰੀ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨੇ ਇੱਕਲੇ ਇੱਕਲੇ ਕੌਂਸਲਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਾਰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਨਾਲ ਨਾਲ ਉਨ੍ਹਾਂ ਤੋਂ ਇਲਾਕੇ ਦੀਆਂ ਹੋਰ ਮੁਸਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਸੇ ਅਨੁਸਾਰ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਮੌਕੇ ਤੇ ਹੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁੰਮਾਇੰਦਿਆਂ ਦੀ ਭਾਗੀਦਾਰੀ ਨਾਲ ਅਸੀਂ ਵਿਕਾਸ ਪ੍ਰੋਜ਼ੈਕਟਾਂ ਦੀ ਬਿਹਤਰ ਨਿਗਰਾਨੀ ਰਾਹੀਂ ਉਨ੍ਹਾਂ ਨੂੰ ਜਲਦ ਪੂਰਾ ਕਰ ਸਕਦੇ ਹਾਂ ਅਤੇ ਸਥਾਨਕ ਜਰੂਰਤਾਂ ਅਨੁਸਾਰ ਪ੍ਰੋਜ਼ੈਕਟ ਉਲੀਕ ਸਕਦੇ ਹਾਂ।
ਇਸ ਤੋਂ ਬਾਅਦ ਵਿੱਤ ਮੰਤਰੀ ਨੇ ਨਗਰ ਸੁਧਾਰ ਟਰੱਸਟ ਵਿਖੇ ਸ਼ਹਿਰੀਆਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰਾਂ ਵਿਚ ਲੋਕਾਂ ਦੀਆਂ ਆਉਣ ਵਾਲੀਆਂ ਸਿ਼ਕਾਇਤਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇ।
ਬਾਅਦ ਵਿਚ ਸ: ਮਨਪ੍ਰੀਤ ਸਿੰਘ ਬਾਦਲ ਨੇ ਗੁਰੂ ਕੀ ਨਗਰੀ, ਮਾਤਾ ਜੀਵੀ ਨਗਰ, ਬੈਂਕ ਕਲੌਨੀ ਵਿਚ ਵੀ ਨੁਕੜ ਮੀਟਿੰਗਾਂ ਕਰਕੇ ਮੁਹੱਲੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਸਥਾਨਕ ਪੱਧਰ ਤੇ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਅਰੁਣ ਵਧਾਵਨ, ਜੈਜੀਤ ਜੌਹਲ, ਰਾਜਨ ਗਰਗ, ਕੇ ਕੇ ਅਗਰਵਾਲ, ਰਮਨ ਗੋਇਲ,ਅਸ਼ੋਕ ਕੁਮਾਰ, ਹਰਮੰਦਰ ਸਿੰਘ, ਪਵਨ ਮਾਨੀ,
ਬਲਜਿੰਦਰ ਠੇਕੇਦਾਰ ਅਤੇ ਸਮੂਹ ਕੌਂਸਲਰ ਮੌਜੂਦ ਸਨ।