ਵਿਸਾਖੀ ਮੇਲੇ ਵਿਚ ਵੱਖ-ਵੱਖ ਵੰਨਗੀਆਂ ਤੇ ਗੀਤ ਸੰਗੀਤ ਦੀ ਪੇਸ਼ਕਾਰੀ ਨੇ ਬੰਨ੍ਹਿਆ ਰੰਗ
ਚੰਡੀਗੜ੍ਹ, 26 ਅਪਰੈਲ(ਵਿਸ਼ਵ ਵਾਰਤਾ)-ਲੋਕ ਧਾਰਾ ਭਾਈਚਾਰਾ ਸੰਗਠਨ (ਫੋਕਲੋਰ ਫੈਰਟਨਿਟੀ ਫੈਡਰੇਸ਼ਨ ਪੰਜਾਬ) ਵਲੋਂ ਵਿਸਾਖੀ ਮੇਲਾ ਇਥੋਂ ਦੇ ਸੈਕਟਰ 42 ਦੀ ਲੇਕ ਵਿਖੇ ਮਨਾਇਆ ਜਿਸ ਵਿਚ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਆਰੰਭਿਕ ਦੌਰ ਵਿਚ ਬੱਚਿਆਂ ਵਲੋਂ ਭੰਗੜਾ ਗਿੱਧਾ ਦਿਲਕਸ਼ ਅੰਦਾਜ਼ ਵਿਚ ਪੇਸ਼ ਕੀਤਾ।ਪ੍ਰਤੀਮ ਰੂਪਾਲ ਵਲੋਂ ਤਿਆਰ ਕੀਤੀ ਕਵਿਸ਼ਰੀ ਨੂੰ ਹੂਬਹੂ ਪੇਸ਼ ਕੀਤਾ।ਪੌਣੀ ਦਰਜਨ ਮੁੰਡਿਆਂ ਨੇ ਸਰਬੰਸ ਪ੍ਰਤੀਕ ਸਿੰਘ ਦੀ ਨਿਰਦੇਸ਼ਨਾ ਹੇਠ ਫੌਕ ਆਰਕੈਸਟਰਾਂ ਵਿਚ ਤੂੰਬੀ, ਚਿਮਟੇ ਢੋਲਕੀਆਂ ਛੈਣੇ ਅਲਗੋਜ਼ੇ,ਢੱਡ, ਢੋਲ,ਢੋਲਕ ਆਦਿ ਨੂੰ ਕਮਾਲ ਨਾਲ ਵਿਖਾ ਖ਼ੂਬ ਤਾੜੀਆਂ ਖੱਟੀਆਂ। ਗਾਇਕ ਦਰਸ਼ਨ ਜੌਲੀ ਨੇ ਲੋਕ ਤੱਥ ਗਾ ਕੇ ਚੰਗੀ ਰੌਣਕ ਲਾਈ।
ਲਖਵੀਰ ਲੱਖੀ ਤੋਗਾ ਨੇ ਲੋਕ ਗੀਤ, ਟੱਪਿਆਂ ਸੰਗ ਪੰਜਾਬੀ ਪਹਿਰਾਵੇ ਵਿੱਚ ਦਰਸ਼ਕਾਂ ਨੂੰ ਖੁਸ਼ ਕੀਤਾ।ਅੱਠ ਸਿੰਘਾਂ ਤੇ ਸਿੰਘਣੀਆਂ ਨੇ ਸਰਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਗੱਤਕੇ ਦੇ ਜੌਹਰ ਵਿਖਾਏ। ਇੱਕ ਦਰਜਨ ਮੂਟਿਆਰਾਂ ਨੇ ਅਜੀਤ ਸਿੰਘ ਵਲੋਂ ਤਿਆਰ ਕਰਵਾਇਆ ਸੰਮੀ ਨਾਚ ਨੂੰ ਸਿਰ ਉੱਤੇ ਮਟਕੀਆਂ ਲੈ ਨੱਚਿਆ। ਪ੍ਰਤੀਮ ਰੂਪਾਲ ਵਲੋਂ ਤਿਆਰ ਮਲਵਈ ਗਿੱਧਾ ਬਾਬਿਆਂ ਨੇ ਨੱਚ ਕੇ ਸਭ ਦਾ ਚਿਤ ਪਰਚਾਇਆ ਅਸਲ ਵਿਚ ਇਹ ਨਾਚ ਪਿੰਡਾਂ ਵਿਚ ਛੜੇ ਵਿਅਕਤੀਆਂ ਵਲੋਂ ਦਿਲਪ੍ਰਚਾਵੇ ਲਈ ਨੱਚਿਆਂ ਜਾਂਦਾ ਸੀ।
ਸੁਖਦੇਵ ਸਿੰਘ ਸੁੱਖੇ ਦੀ ਡਾਇਰੈਕਸ਼ਨ ਵਿਚ ਲੁੱਡੀ ਨਾਚ ਨੂੰ ਗੁਰਦੀਪ ਵਡਾਲਾ ਦੀ ਸਾਰੰਗੀ ,ਰਾਜੂ ਲੁਧਿਆਣਾ ਦੇ ਢੋਲ ਉਤੇ 10 ਕੁੜੀਆਂ ਨੇ ਹੱਥਾਂ ਵਿਚ ਰੂਮਾਲ ਫੜ ਛਿਪਦੇ ਪੰਜਾਬ ਦੀ ਯਾਦ ਚੇਤੇ ਕਰਵਾ ਦਿੱਤੀ। ਮੁੱਖ ਮਹਿਮਾਨ ਵਜੋਂ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ, ਐਮ ਸੀ ਹਰਦੀਪ ਸਿੰਘ ਬੁਟਰੇਲਾ, ਗਾਇਕ ਓਮਿੰਦਰ ਉਮਾ, ਅਤੇ ਸ਼ਹਿਰ ਦੇ ਪਤਵੰਤੇ ਪਹੁੰਚੇ।
ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ ਪਰਵਿੰਦਰ ਸਿੰਘ, ਉਪ ਕੁਲਪਤੀ ਰਿਆਤ ਬਾਹਰਾ ਗਰੁੱਪ, ਨਰੀੰਦਰ ਨੀਨਾ, ਦੇਵਿੰਦਰ ਸਿੰਘ ਜੁਗਨੀ ਨੇ ਸੰਬੋਧਨ ਕੀਤਾ ਅਤੇ ਵਿਸਾਖੀ ਪਰੇਡ ਨੂੰ ਡੀ ਸੀ ਮੁਹਾਲੀ ਸ੍ਰੀ ਅਮਿਤ ਤਲਵਾੜ ਨੇ ਝੰਡੀ ਵਿਖਾਈ। ਬੀਨ ਵਾਜਾਂ ਤੇ ਢੋਲ ਅਗਵਾਈ ਪਰੇਡ ਸੈਕਟਰ 42 ਚੰਡੀਗੜ੍ਹ ਦੀ ਲੇਕ ਵਿਖੇ ਪਹੁੰਚੀ।ਜੁਗਨੀ ਗਰੁੱਪ ਵਲੋਂ ਟਰੈਕਟਰ ਟਰਾਲੀ ਵਿਚ ਕਲਾਕਾਰਾਂ ਨੇ ਲੋਕ ਰੰਗ ਵਿਖਾ ਕੇ ਰਾਹਗੀਰਾਂ ਨੂੰ ਪੰਜਾਬੀ ਸਭਿਆਚਾਰ ਬਾਰੇ ਚਾਨਣ ਕੀਤਾ। ਗੁਰਮੀਤ ਕੁਲਾਰ ਤੇ ਅਮਰਜੀਤ ਬੈਨੀਪਾਲ ਨੇ ਜੁਗਨੀ ਪੇਸ਼ ਕਰ ਵਾਹਵਾ ਖੱਟੀ।
ਦਵਿੰਦਰ ਸਿੰਘ ਜੁਗਨੀ ਨੇ ਪੰਜਾਬ ਅਤੇ ਯੂ ਟੀ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ, ਨਗਰ ਨਿਗਮ ਮੁਹਾਲੀ ਤੇ ਚੰਡੀਗੜ੍ਹ ਅਤੇ ਯੂ ਟੀ ਪੁਲਿਸ ਦਾ ਸਹਿਯੋਗ ਲਈ ਉਚੇਚਾ ਧੰਨਵਾਦ ਕੀਤਾ।