ਵਿਸ਼ਵ ਟੀਕਾਕਰਨ ਹਫਤੇ ਦੌਰਾਨ 149 ਕੈਂਪ ਲਗਾ ਕੇ 1988 ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਕੀਤਾ ਟੀਕਾਕਰਨ:ਡਾਕਟਰ ਕਵਿਤਾ ਸਿੰਘ
ਫ਼ਾਜ਼ਿਲਕਾ 2 ਮਈ (ਵਿਸ਼ਵ ਵਾਰਤਾ):- ਟੀਕਕਰਨ ਦੀ 50ਵੀਂ ਵਰੇਗੰਡ ਦੇ ਸਬੰਧ ਵਿੱਚ ਡਾਕਟਰ ਚੰਦਰ ਸ਼ੇਖਰ ਕੱਕੜ ਸਿਵਿਲ ਸਰਜਨ ਫ਼ਾਜ਼ਿਲਕਾ ਜੀ ਦੇ ਹੁਕਮਾਂ ਅਨੁਸਾਰ ਡਾਕਟਰ ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਅਤੇ ਡਾਕਟਰ ਐਡੀਸਨ ਐਰਿਕ ਦੀ ਦੇਖਰੇਖ ਵਿੱਚ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਨ ਹਫਤਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਅਤੇ ਬੱਚਿਆਂ ਨੂੰ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਇਸ ਹਫਤੇ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ 1988 ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨਾਂ ਮੀਡੀਆ, ਸਵੈ ਸੇਵੀ ਸੰਸਥਾਵਾਂ ਅਤੇ ਹੋਰ ਸੰਬੰਧਿਤ ਵਿਭਾਗਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨਾਂ ਨੇ ਇਸ ਨੋਬਲ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਿਹਤ ਵਿਭਾਗ ਦੀ ਸਹਾਇਤਾ ਕੀਤੀ ਹੈ। ਉਹਨਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਹੈ ਜਿਨਾਂ ਨੇ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ। ਉਹਨਾਂ ਦੱਸਿਆ ਕਿ ਟੀਕਾ ਕਰਨ ਦੀ ਬਦੌਲਤ ਹੀ ਪਹਿਲਾਂ ਵੱਡੀ ਮਾਤਾ ਅਤੇ ਪੋਲੀਓ ਦੀ ਬਿਮਾਰੀ ਦੇਸ਼ ਵਿੱਚੋਂ ਖਤਮ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਬਿਮਾਰੀਆਂ ਨੂੰ ਵੀ ਖਤਮ ਕੀਤਾ ਜਾਵੇਗਾ। ਉਨਾ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਨਿਯਮਤ ਟੀਕਾਕਰਨ ਸੂਚੀ ਅਨੁਸਾਰ ਆਪਣੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕਾਕਰਨ ਕਰਵਾਇਆ ਜਾਵੇ। ਇਸ ਮੌਕੇ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਜਿਲੇ ਦੀ ਏ ਐਨ ਐਮ ਅਤੇ ਆਸ਼ਾ ਵਰਕਰ ਨੇ ਸਹਯੋਗ ਕੀਤਾ।